ਸੈਂਸੈਕਸ ਸ਼ੁਰੂ 'ਚ 70 ਅੰਕ ਤੋਂ ਵੱਧ ਡਿੱਗਾ, ਨਿਫਟੀ 11,500 ਤੋਂ ਥੱਲ੍ਹੇ ਖੁੱਲ੍ਹਾ

09/30/2019 9:17:52 AM

ਮੁੰਬਈ—  ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਵਿਚਕਾਰ ਸਤੰਬਰ ਮਹੀਨੇ ਦੇ ਅੰਤਿਮ ਕਾਰੋਬਾਰ ਦਿਨ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਹਲਕੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ 72 ਅੰਕ ਦੀ ਗਿਰਾਵਟ ਨਾਲ 38,751.04 'ਤੇ ਸ਼ੁਰੂਆਤ ਕੀਤੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 17.30 ਅੰਕ ਯਾਨੀ 0.15 ਫੀਸਦੀ ਦੀ ਹਲਕੀ ਗਿਰਾਵਟ ਨਾਲ 11,495.10 'ਤੇ ਖੁੱਲ੍ਹਾ ਹੈ।

 

ਸਰਕਾਰ ਵੱਲੋਂ ਕਾਰਪੋਰੇਟ ਟੈਕਸਾਂ ਤੇ ਹਾਊਸਿੰਗ ਸੈਕਟਰ ਨੂੰ ਲੈ ਕੇ ਕੀਤੇ ਗਏ ਵੱਡੇ ਆਰਥਿਕ ਸੁਧਾਰਾਂ ਤੋਂ ਬਾਅਦ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੀ 4 ਅਕਤੂਬਰ ਨੂੰ ਜਾਰੀ ਹੋਣ ਵਾਲੀ ਪਾਲਿਸੀ 'ਚ ਵਿਆਜ ਦਰਾਂ 'ਚ ਲਗਾਤਾਰ 5ਵੀਂ ਵਾਰ ਕਟੌਤੀ ਕਰ ਸਕਦਾ ਹੈ। ਇਸ ਲਈ ਨਿਵੇਸ਼ਕਾਂ ਦੀ ਨਜ਼ਰ ਹੁਣ ਆਰ. ਬੀ. ਆਈ. ਦੀ ਪਾਲਿਸੀ 'ਤੇ ਵੀ ਹੈ, ਜਿਸ ਤੋਂ ਅਰਥਵਿਵਸਥਾ ਨੂੰ ਲੈ ਕੇ ਅੱਗੇ ਦੇ ਸੰਕੇਤ ਮਿਲਣਗੇ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 20 ਅੰਕ ਦੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 170 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 70.42 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 70.56 ਦੇ ਪੱਧਰ 'ਤੇ ਬੰਦ ਹੋਇਆ ਸੀ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ। ਡਾਓ ਜੋਂਸ 0.26 ਫੀਸਦੀ ਡਿੱਗ ਕੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.53 ਫੀਸਦੀ ਤੇ ਨੈਸਡੈਕ ਕੰਪੋਜ਼ਿਟ 1.13 ਫੀਸਦੀ ਡਿੱਗ ਕੇ ਬੰਦ ਹੋਏ ਸਨ।
ਏਸ਼ੀਆਈ ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 0.10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਐੱਸ. ਜੀ. ਐਕਸ. ਨਿਫਟੀ 8 ਅੰਕ ਯਾਨੀ 0.07 ਫੀਸਦੀ ਦੀ ਹਲਕੀ ਕਮਜ਼ੋਰੀ ਨਾਲ 11,577 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਜਪਾਨ ਦੇ ਬਾਜ਼ਾਰ 'ਚ 0.42 ਫੀਸਦੀ ਦੀ ਗਿਰਾਵਟ ਤੇ ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 15 ਅੰਕ ਯਾਨੀ 0.06 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ ਇਸ ਦੌਰਾਨ 0.4 ਫੀਸਦੀ ਦੀ ਮਜਬੂਤੀ ਤੇ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.33 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।


Related News