ਮਹਿਲਾਵਾਂ ਅਤੇ ਬਜ਼ੁਰਗਾਂ ਲਈ ਰੇਲਵੇ ਦਾ ਨਵਾਂ ਸਾਲ 'ਤੇ ਤੋਹਫਾ
Friday, Dec 28, 2018 - 12:16 PM (IST)

ਨਵੀਂ ਦਿੱਲੀ—ਰੇਲਵੇ ਨੇ ਮੇਲ ਐਕਸਪ੍ਰੈੱਸ, ਰਾਜਧਾਨੀ ਅਤੇ ਦੁਰੰਤੋ ਵਰਗੀਆਂ ਟਰੇਨਾਂ 'ਚ ਸੀਨੀਅਰ ਨਾਗਰਿਕਾਂ ਅਤੇ ਮਹਿਲਾ ਯਾਤਰੀਆਂ ਦੇ ਲਈ ਲੋਅਰ ਬਰਥ (ਹੇਠਲੇ ਸੀਟ) ਦਾ ਕੋਟਾ ਵਧਾ ਦਿੱਤਾ ਹੈ। ਵੀਰਵਾਰ ਨੂੰ ਜਾਰੀ ਅਧਿਕਾਰਿਕ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਰਤਮਾਨ 'ਚ ਸੀਨੀਅਰ ਲੋਕਾਂ, 45 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਉਮਰ ਵਾਲੀਆਂ ਮਹਿਲਾਵਾਂ ਅਤੇ ਗਰਭਵਤੀ ਔਰਤਾਂ ਲਈ ਰੇਲਗੱਡੀ ਦੇ ਸਲੀਪਰ, ਏਸੀ-3 ਟੀਅਰ 'ਚ 12 ਲੋਅਰ ਬਰਥ ਨਿਰਧਾਰਿਤ ਕੀਤੀ ਗਈ ਹੈ। ਰਾਜਧਾਨੀ, ਦੁਰੰਤੋ ਅਤੇ ਹੋਰ ਪੂਰਨ ਤੌਰ 'ਤੇਏਸੀ ਐਕਸਪ੍ਰੈੱਸ ਟਰੇਨਾਂ 'ਚ ਇਨ੍ਹਾਂ ਲਈ ਰਿਜ਼ਰਵੇਸ਼ਨ ਸੀਟਾਂ ਦੀ ਗਿਣਤੀ ਸੱਤ ਹੈ।
ਰੇਲਵੇ ਬੋਰਡ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਸਮੀਖਿਆ ਕੀਤੀ ਗਈ ਹੈ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਸੀਨੀਅਰ ਲੋਕਾਂ, 45 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਉਮਰ ਵਾਲੀਆਂ ਔਰਤਾਂ ਅਤੇ ਗਰਭਵਤੀ ਮਹਿਲਾਵਾਂ ਦੇ ਲਈ ਸੰਯੁਕਤ ਰਿਜ਼ਰਵੇਸ਼ਨ ਕੋਟੇ ਨੂੰ ਵਧਾ ਦਿੱਤਾ ਜਾਵੇ।
ਬਿਆਨ 'ਚ ਕਿਹਾ ਗਿਆ ਹੈ ਕਿ ਬੋਰਡ ਨੇ ਕੋਟੇ ਨੂੰ ਸੰਸੋਧਿਤ ਕਰਦੇ ਹੋਏ ਉਨ੍ਹਾਂ ਮੇਲ ਐਕਸਪ੍ਰੈੱਸ ਟਰੇਨਾਂ ਜਿਨ੍ਹਾਂ 'ਚ ਇਨ੍ਹਾਂ ਸ਼੍ਰੇਣੀਆਂ ਦਾ ਇਕ ਹੀ ਡੱਬਾ ਹੈ, ਉਨ੍ਹਾਂ 'ਚ ਇਸ ਨੂੰ ਵਧਾ ਕੇ 13 ਸੀਟ ਕਰ ਦਿੱਤਾ ਗਿਆ ਹੈ। ਜਦੋਂ ਕਿ ਉਨ੍ਹਾਂ ਟਰੇਨਾਂ 'ਚ ਜਿਨ੍ਹਾਂ 'ਚ ਇਨ੍ਹਾਂ ਸ਼੍ਰੇਣੀਆਂ ਦੇ ਇਕ ਤੋਂ ਜ਼ਿਆਦਾ ਡੱਬੇ ਹਨ ਉਨ੍ਹਾਂ 'ਚ ਸੀਟਾਂ ਦੀ ਗਿਣਤੀ ਵਧਾ ਕੇ 15 ਕੀਤੀ ਗਈ ਹੈ। ਉਸ 'ਚ ਅੱਗੇ ਕਿਹਾ ਗਿਆ ਹੈ ਕਿ ਰਾਜਧਾਨੀ ਦੁਰੰਤੋ ਅਤੇ ਹੋਰ ਏਸੀ ਟਰੇਨਾਂ 'ਚ ਰਿਜ਼ਰਵੇਸ਼ਨ ਸੀਟਾਂ ਦੀ ਗਿਣਤੀ ਵਧਾ ਕੇ ਨੌ ਕਰ ਦਿੱਤੀ ਹੈ।