ਸੇਬੀ ਨੇ ਟੈਕਸ ਚੋਰੀ ਮਾਮਲੇ ''ਚ 82 ਕੰਪਨੀਆਂ ਤੋਂ ਰੋਕ ਹਟਾਈ
Thursday, Sep 21, 2017 - 10:47 PM (IST)

ਨਵੀਂ ਦਿੱਲੀ-ਬਾਜ਼ਾਰ ਰੈਗੂਲੇਟਰੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ 82 ਕੰਪਨੀਆਂ 'ਤੇ ਲੱਗੀ ਕਾਰੋਬਾਰੀ ਰੋਕ ਨੂੰ ਹਟਾ ਲਿਆ ਹੈ। ਇਨ੍ਹਾਂ ਕੰਪਨੀਆਂ ਖਿਲਾਫ ਕੋਈ ਸਬੂਤ ਨਾ ਮਿਲਣ ਕਾਰਨ ਸੇਬੀ ਨੇ ਇਹ ਫ਼ੈਸਲਾ ਕੀਤਾ ਹੈ। ਸੇਬੀ ਨੇ ਇਨ੍ਹਾਂ ਕੰਪਨੀਆਂ 'ਤੇ ਟੈਕਸ ਚੋਰੀ ਲਈ ਸ਼ੇਅਰ ਬਾਜ਼ਾਰ ਦੀ ਕਥਿਤ ਦੁਰਵਰਤੋਂ ਕਾਰਨ ਕਾਰੋਬਾਰੀ ਰੋਕ ਲਾਈ ਸੀ। ਸੇਬੀ ਇਸ ਤੋਂ ਪਹਿਲਾਂ 3 ਵੱਖ-ਵੱਖ ਮਾਮਲਿਆਂ 'ਚ 421 ਕੰਪਨੀਆਂ ਤੋਂ ਵੀ ਰੋਕ ਹਟਾ ਚੁੱਕਾ ਹੈ। ਉਸ ਨੇ ਫਰਸਟ ਫਾਈਨਾਂਸ਼ੀਅਲ ਅਤੇ ਈਕੋ ਫਰੈਂਡਲੀ ਫੂਡ ਪ੍ਰੋਸੈਸਿੰਗ ਪਾਰਕ, ਅਸਟੀਮ ਬਾਇਓ ਆਰਗੈਨਿਕ ਫੂਡ ਪ੍ਰੋਸੈਸਿੰਗ, ਚੈਨਲ ਨਾਈਨ ਇੰਟਰਟੇਨਮੈਂਟ ਤੇ ਐੱਚ. ਪੀ. ਸੀ. ਬਾਇਓਸਾਇੰਸਿਜ਼ ਦੇ ਸ਼ੇਅਰ ਕਾਰੋਬਾਰ ਦੇ ਮਾਮਲੇ 'ਚ ਇਨ੍ਹਾਂ ਕੰਪਨੀਆਂ 'ਤੇ ਰੋਕ ਲਾਈ ਸੀ। ਇਹ ਇਕਾਈਆਂ ਕਥਿਤ ਰੂਪ ਨਾਲ ਟੈਕਸ ਚੋਰੀ ਲਈ ਸ਼ੇਅਰ ਬਾਜ਼ਾਰ ਪਲੇਟਫਾਰਮ ਦੀ ਦੁਰਵਰਤੋਂ ਕਰਨ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਨੂੰ ਲੈ ਕੇ ਸੇਬੀ ਦੀ ਜਾਂਚ ਦੇ ਘੇਰੇ 'ਚ ਸਨ। ਮੌਜੂਦਾ ਮਾਮਲੇ 'ਚ ਸੇਬੀ ਨੇ ਦਸੰਬਰ 2014 ਅਤੇ ਨਵੰਬਰ 2015 'ਚ ਕੁਲ 123 ਕੰਪਨੀਆਂ 'ਤੇ ਅਗਲੇ ਹੁਕਮਾਂ ਤੱਕ ਕਾਰੋਬਾਰ ਕਰਨ 'ਤੇ ਰੋਕ ਲਾ ਦਿੱਤੀ ਸੀ। ਇਹ ਕਦਮ ਰੈਡਫੋਰਡ ਗਲੋਬਲ ਦੇ ਸ਼ੇਅਰਾਂ ਦਾ ਜਨਵਰੀ 2013 ਤੋਂ ਮਾਰਚ 2014 ਵਿਚਾਲੇ ਹੋਏ ਕਾਰੋਬਾਰ ਦੀ ਮੁੱਢਲੀ ਜਾਂਚ ਦੇ ਆਧਾਰ 'ਤੇ ਚੁੱਕਿਆ ਗਿਆ ਸੀ।