SBI ਦਾ ਰਿਕਾਰਡ ਮੁਨਾਫ਼ਾ, ਤੀਜੀ ਤਿਮਾਹੀ ਦਾ ਸ਼ੁੱਧ ਲਾਭ 62 ਫੀਸਦੀ ਵਧਿਆ

Saturday, Feb 05, 2022 - 07:31 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਸਿੰਗਲ ਆਧਾਰ ’ਤੇ ਸ਼ੁੱਧ ਲਾਭ 62 ਫੀਸਦੀ ਵਧ ਕੇ 8,432 ਕਰੋੜ ਰੁਪਏ ’ਤੇ ਪਹੁੰਚ ਗਿਆ। ਐੱਸ. ਬੀ. ਆਈ. ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਅਕਤੂਬਰ-ਦਸੰਬਰ 2021 ਤਿਮਾਹੀ ਦਾ ਸ਼ੁੱਧ ਲਾਭ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਲਾਭ ਹੈ।

ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ 5,196 ਕਰੋੜ ਰੁਪਏ ਰਿਹਾ ਸੀ। ਇਸ ਤਰ੍ਹਾਂ ਸਾਲਾਨਾ ਆਧਾਰ ’ਤੇ ਉਸ ਦਾ ਸ਼ੁੱਧ ਲਾਭ ਤੀਜੀ ਤਿਮਾਹੀ ’ਚ 62.27 ਫੀਸਦੀ ਵਧ ਗਿਆ। ਬੈਂਕ ਨੇ ਕਿਹਾ ਕਿ 31 ਦਸੰਬਰ 2021 ਨੂੰ ਸਮਾਪਤ ਤਿਮਾਹੀ ’ਚ ਉਸ ਦੀ ਕੁੱਲ ਆਮਦਨ ਵੀ ਵਧ ਕੇ 78,352 ਕਰੋੜ ਰੁਪਏ ਹੋ ਗਈ। ਅਕਤੂਬਰ ਦਸੰਬਰ 2020 ਦੀ ਤਿਮਾਹੀ ’ਚ ਇਹ 75,981 ਕਰੋੜ ਰੁਪਏ ਰਹੀ ਸੀ। ਏਕੀਕ੍ਰਿਤ ਆਧਾਰ ’ਤੇ ਐੱਸ. ਬੀ. ਆਈ. ਸਮੂਹ ਦਾ ਸ਼ੁੱਧ ਲਾਭ ਦਸੰਬਰ 2021 ਤਿਮਾਹੀ ’ਚ 51 ਫੀਸਦੀ ਵਧ ਕੇ 9,692 ਕਰੋੜ ਰੁਪਏ ਹੋ ਗਿਆ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 6,402 ਕਰੋੜ ਰੁਪਏ ਰਿਹਾ ਸੀ।

ਇਹ ਵੀ ਪੜ੍ਹੋ : LIC ਬਣੀ ਦੁਨੀਆ ਦਾ 10ਵਾਂ ਸਭ ਤੋਂ ਕੀਮਤੀ ਬੀਮਾ ਬ੍ਰਾਂਡ, ਵਿਨਿਵੇਸ਼ ਲਈ ਤਿਆਰ

ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਐੱਸ. ਬੀ. ਆਈ. ਦੀ ਜਾਇਦਾਦ ਗੁਣਵੱਤਾ ਵੀ ਬਿਹਤਰ ਹੋਈ ਹੈ। ਕੁੱਲ ਗੈਰ-ਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ (ਐੱਨ. ਪੀ. ਏ.) ਘਟ ਕੇ 4.5 ਫੀਸਦੀ ਰਹਿ ਗਈਆਂ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 4.77 ਫੀਸਦੀ ਸੀ। ਹਾਲਾਂਕਿ ਸ਼ੁੱਧ ਐੱਨ. ਪੀ. ਏ. ’ਚ ਥੋੜਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020-21 ਦੀ ਤੀਜੀ ਤਿਮਾਹੀ ’ਚ ਇਹ 1.23 ਫੀਸਦੀ ਸੀ ਜੋ ਚਾਲੂ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਵਧ ਕੇ 1.34 ਫੀਸਦੀ ਹੋ ਗਿਆ। ਟੈਕਸ ਅਤੇ ਫੁਟਕਲ ਖਰਚਿਆਂ ਨੂੰ ਛੱਡ ਕੇ ਹੋਰ ਵਿਵਸਥਾ ਵੀ ਇਸੇ ਤਿਮਾਹੀ ’ਚ ਘਟ ਕੇ 6,974 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 10,342 ਕਰੋੜ ਰੁਪਏ ਸੀ। ਬੈਂਕ ਦੀ ਵਿਵਸਥਾ ਦਾ ਕਵਰੇਜ਼ ਅਨੁਪਾਤ (ਪੀ. ਸੀ. ਆਰ.) 88.32 ਫੀਸਦੀ ਰਿਹਾ।

ਇਹ ਵੀ ਪੜ੍ਹੋ : ISB ਦੇ ਵਿਦਿਆਰਥੀਆਂ ਨੂੰ 34.07 ਲੱਖ ਰੁਪਏ ਦੀ ਔਸਤ CTC 'ਤੇ ਦੋ ਹਜ਼ਾਰ ਤੋਂ ਵੱਧ ਨੌਕਰੀਆਂ ਦੇ ਆਫਰ ਮਿਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News