ਦੋ ਪਹੀਆਂ ਵਾਹਨਾਂ ਦੀ ਵਿਕਰੀ ਲਗਾਤਾਰ ਦੂਜੇ ਮਹੀਨੇ ਵੀ ਟਾਪ ''ਤੇ
Monday, Feb 12, 2018 - 02:35 PM (IST)
ਨਵੀਂ ਦਿੱਲੀ—ਘਰੇਲੂ ਬਾਜ਼ਾਰ 'ਚ ਲਗਾਤਾਰ ਦੂਜੇ ਮਹੀਨੇ ਦੋ-ਪਹੀਆਂ ਵਾਹਨਾਂ ਦੀ ਵਿਕਰੀ 'ਚ ਜ਼ੋਰਦਾਰ ਵਾਧੇ ਦੇ ਦਮ 'ਤੇ ਜਨਵਰੀ 'ਚ ਦੇਸ਼ 'ਚ ਵਾਹਨਾਂ ਦੀ ਕੁੱਲ ਵਿਕਰੀ 30 ਫੀਸਦੀ ਤੋਂ ਜ਼ਿਆਦਾ ਵਧੀ ਜਦਕਿ ਕਾਰਾਂ ਦੀ ਵਿਕਰੀ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦੇਖੀ ਗਈ।
ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਆਮ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ 'ਚ ਦੇਸ਼ 'ਚ ਵਾਹਨਾਂ ਦੀ ਕੁੱਲ ਵਿਕਰੀ 30.71 ਫੀਸਦੀ ਵਧ ਕੇ 21,17,746 'ਤੇ ਪਹੁੰਚ ਗਈ। ਪਿਛਲੇ ਸਾਲ ਜਨਵਰੀ 'ਚ ਦੇਸ਼ 'ਚ ਵਾਹਨਾਂ ਦੀ ਵਿਕਰੀ 16,20,179 ਇਕਾਈ 'ਤੇ ਹੀ ਸੀ। ਇਸ ਤੋਂ ਪਹਿਲਾਂ ਦਸੰਬਰ 2017 'ਚ ਵਾਹਨਾਂ ਦੀ ਕੁੱਲ ਵਿਕਰੀ 36.39 ਫੀਸਦੀ ਵਧੀ ਸੀ। ਇਸ 'ਚ ਦੋ ਪਹੀਆਂ ਵਾਹਨਾਂ ਦੀ ਵਿਕਰੀ 33.43 ਫੀਸਦੀ ਵਧ ਕੇ 16,84,066 ਇਕਾਈ ਰਹੀ। ਦਸੰਬਰ 'ਚ 41.45 ਫੀਸਦੀ ਵਧੀ ਸੀ। ਜਨਵਰੀ 'ਚ ਸਕੂਟਰਾਂ ਦੀ ਵਿਕਰੀ 48.29 ਫੀਸਦੀ ਵਧ ਕੇ 5,53,695 ਇਕਾਈ ਅਤੇ ਮੋਟਰਸਾਈਕਲਾਂ ਦੀ 28.64 ਫੀਸਦੀ ਦੇ ਵਾਧੇ ਨਾਲ 10,54,062 ਇਕਾਈ 'ਤੇ ਪਹੁੰਚ ਗਈ।
ਯਾਤਰੀ ਵਾਹਨਾਂ 'ਚ ਕਾਰਾਂ ਦੀ ਵਿਕਰੀ 1.25 ਫੀਸਦੀ ਘੱਟ ਕੇ 1,84,264 ਇਕਾਈ ਰਹਿ ਗਈ। ਵੈਨਾਂ ਦੀ ਵਿਕਰੀ ਵੀ 7.06 ਫੀਸਦੀ ਘੱਟ ਕੇ 15,363 ਇਕਾਈ 'ਤੇ ਆ ਗਈ ਹੈ। ਉਧਰ ਉਪਯੋਗੀ ਵਾਹਨਾਂ ਦੀ ਵਿਕਰੀ 37.88 ਫੀਸਦੀ ਵਧ ਕੇ 85,850 'ਤੇ ਪਹੁੰਚ ਗਈ। ਕਾਰਾਂ, ਉਪਯੋਗੀ ਵਾਹਨਾਂ ਅਤੇ ਵੈਨਾਂ ਨੂੰ ਮਿਲਾ ਕੇ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 'ਚ 7.57 ਦਾ ਵਾਧਾ ਦਰਜ ਕੀਤਾ ਗਿਆ। ਇਹ ਜਨਵਰੀ 2017 ਦੇ 2,65,389 ਤੋਂ ਵਧ ਕੇ 2,85,477 'ਤੇ ਪਹੁੰਚ ਗਈ।
