ਰੂਸ-ਯੂਕ੍ਰੇਨ ਕ੍ਰਾਈਸਿਸ : ਮਹਿੰਗਾ ਕਰੂਡ ਆਇਲ ਵਧਾ ਸਕਦੈ ਦੇਸ਼ ਦੀ ਚਿੰਤਾ, ਕੱਚਾ ਤੇਲ 100 ਡਾਲਰ ਦੇ ਪਾਰ
Monday, Feb 28, 2022 - 10:34 AM (IST)
ਨਵੀਂ ਦਿੱਲੀ (ਭਾਸ਼ਾ) - ਰੂਸ ਅਤੇ ਯੂਕ੍ਰੇਨ ’ਚ ਜਾਰੀ ਤਣਾਅ (ਕ੍ਰਾਈਸਿਸ) ’ਚ ਕੱਚਾ ਤੇਲ ਹੁਣ ਵੀ 100 ਡਾਲਰ ਦੇ ਪਾਰ ਚੱਲ ਰਿਹਾ ਹੈ। ਕਰੂਡ ਆਇਲ ਵਿਚ ਤੇਜ਼ੀ ਨਾਲ ਨਾ ਸਿਰਫ ਮਹਿੰਗਾਈ ਵਧੇਗੀ, ਸਗੋਂ ਇਸ ਨਾਲ ਦੇਸ਼ ਦੀ ਦਰਾਮਦ ਬਿੱਲ (ਇੰਪੋਰਟ ਬਿੱਲ) ਵੀ ਵਧੇਗਾ। ਭਾਰਤ ਦੀ ਕੱਚੇ ਤੇਲ ਦੀ ਦਰਾਮਦ ਬਿੱਲ 2021-22 ਵਿਚ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ। ਇਹ ਪਿਛਲੇ ਵਿੱਤੀ ਸਾਲ ਵਿਚ ਕੱਚੇ ਤੇਲ ਦੀ ਦਰਾਮਦ ਉੱਤੇ ਹੋਏ ਖਰਚ ਦਾ ਲੱਗਭੱਗ ਦੁੱਗਣਾ ਹੋਵੇਗਾ। ਦਰਅਸਲ, ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ 7 ਸਾਲ ਦੇ ਉੱਚ ਪੱਧਰ ਉੱਤੇ ਪਹੁੰਚ ਗਈਆਂ ਹਨ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਦੇ ਅੰਕੜਿਆਂ ਅਨੁਸਾਰ 2021-22 ਦੇ ਪਹਿਲੇ 10 ਮਹੀਨਿਆਂ (ਅਪ੍ਰੈਲ-ਜਨਵਰੀ) ਵਿਚ ਭਾਰਤ ਨੇ ਕੱਚੇ ਤੇਲ ਦੀ ਦਰਾਮਦ ਉੱਤੇ 94.3 ਅਰਬ ਡਾਲਰ ਖਰਚ ਕੀਤੇ ਹਨ। ਸਿਰਫ ਜਨਵਰੀ ਵਿਚ ਕੱਚੇ ਤੇਲ ਦੀ ਦਰਾਮਦ ਉੱਤੇ 11.6 ਅਰਬ ਡਾਲਰ ਖਰਚ ਹੋਏ ਹਨ। ਪਿਛਲੇ ਸਾਲ ਜਨਵਰੀ ਵਿਚ 7.7 ਅਰਬ ਡਾਲਰ ਖਰਚ ਕੀਤੇ ਸਨ।
ਦੁੱਗਣਾ ਹੋ ਜਾਵੇਗਾ ਦਰਾਮਦ ਬਿੱਲ
ਫਰਵਰੀ ਵਿਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ। ਅਜਿਹੇ ਵਿਚ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੇ ਆਖਿਰ ਤੱਕ ਭਾਰਤ ਦੀ ਤੇਲ ਦਰਾਮਦ ਬਿੱਲ ਦੁੱਗਣਾ ਹੋ ਕੇ 110 ਤੋਂ 115 ਅਰਬ ਡਾਲਰ ਉੱਤੇ ਪਹੁੰਚ ਜਾਵੇਗਾ। ਭਾਰਤ ਆਪਣੇ ਕੱਚੇ ਤੇਲ ਦੀ 85 ਫੀਸਦੀ ਜ਼ਰੂਰਤ ਨੂੰ ਦਰਾਮਦ ਤੋਂ ਪੂਰਾ ਕਰਦਾ ਹੈ।
ਦੇਸ਼ ਕੋਲ ਵਾਧੂ ਰਿਫਾਇਨਰੀ ਸਮਰੱਥਾ
ਦਰਾਮਦੀ ਕੱਚੇ ਤੇਲ ਨੂੰ ਤੇਲ ਰਿਫਾਇਨਰੀਆਂ ਵਿਚ ਵਾਹਨਾਂ ਅਤੇ ਹੋਰ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਵਰਗੇ ਵੈਲਿਊ ਐਡਿਡ ਉਤਪਾਦਾਂ ਵਿਚ ਬਦਲਿਆ ਜਾਂਦਾ ਹੈ। ਭਾਰਤ ਕੋਲ ਵਾਧੂ ਸੋਧ ਸਮਰੱਥਾ ਹੈ ਅਤੇ ਇਹ ਕੁੱਝ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਕਰਦਾ ਹੈ ਪਰ ਰਸੋਈ ਗੈਸ ਯਾਨੀ ਐੱਲ. ਪੀ. ਜੀ. ਦਾ ਉਤਪਾਦਨ ਇੱਥੇ ਘੱਟ ਹੈ, ਜਿਸ ਨੂੰ ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਹੈ।
10 ਮਹੀਨਿਆਂ ਵਿਚ 19.9 ਅਰਬ ਡਾਲਰ ਦੀ ਦਰਾਮਦ
ਅੰਕੜਿਆਂ ਮੁਤਾਬਕ 2021-22 ਦੇ ਪਹਿਲੇ 10 ਮਹੀਨਿਆਂ ਅਪ੍ਰੈਲ-ਜਨਵਰੀ ਵਿਚ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ 3.36 ਕਰੋਡ਼ ਟਨ ਜਾਂ 19.9 ਅਰਬ ਡਾਲਰ ਰਹੀ ਹੈ। ਦੂਜੇ ਪਾਸੇ 33.4 ਅਰਬ ਡਾਲਰ ਦੇ 5.11 ਕਰੋਡ਼ ਟਨ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਕੀਤੀ ਗਈ। ਭਾਰਤ ਨੇ 2020-21 ਵਿਚ 19.65 ਕਰੋਡ਼ ਟਨ ਕੱਚੇ ਤੇਲ ਦੀ ਦਰਾਮਦ ਉੱਤੇ 62.2 ਅਰਬ ਡਾਲਰ ਖਰਚ ਕੀਤੇ ਸਨ। ਉਸ ਸਮੇਂ ਮਹਾਮਾਰੀ ਦੀ ਵਜ੍ਹਾ ਨਾਲ ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਸਨ। ਚਾਲੂ ਵਿੱਤੀ ਸਾਲ ਵਿਚ ਭਾਰਤ ਪਹਿਲਾਂ ਹੀ 17.59 ਕਰੋਡ਼ ਟਨ ਕੱਚੇ ਤੇਲ ਦੀ ਦਰਾਮਦ ਕਰ ਚੁੱਕਾ ਹੈ। ਮਹਾਮਾਰੀ ਤੋਂ ਪਹਿਲਾਂ ਵਿੱਤੀ ਸਾਲ 2019-20 ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਦਰਾਮਦਕਾਰ ਅਤੇ ਖਪਤਕਾਰ ਦੇਸ਼ ਭਾਰਤ ਨੇ 22.7 ਕਰੋਡ਼ ਟਨ ਕੱਚੇ ਤੇਲ ਦੀ ਦਰਾਮਦ ਉੱਤੇ 101.4 ਅਰਬ ਡਾਲਰ ਖਰਚ ਕੀਤੇ ਸਨ।
ਇਸ ਲਈ ਘੱਟ ਕੇ 100 ਡਾਲਰ ਪੁੱਜਾ ਕਰੂਡ
ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਬਰੇਂਟ ਸਪਾਟ ਦੇ ਮੁੱਲ 7 ਸਾਲ ਦੇ ਉੱਚ ਪੱਧਰ 105.58 ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਏ ਸਨ। ਹਾਲਾਂਕਿ, ਪੱਛਮੀ ਦੇਸ਼ਾਂ ਨੇ ਰੂਸ ਉੱਤੇ ਜੋ ਰੋਕ ਲਾਈ ਹੈ, ਊਰਜਾ ਨੂੰ ਉਨ੍ਹਾਂ ਤੋਂ ਬਾਹਰ ਰੱਖਿਆ ਗਿਆ ਹੈ। ਇਸ ਨਾਲ ਤੇਲ ਦੇ ਮੁੱਲ ਘੱਟ ਕੇ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਏ।
ਘਰੇਲੂ ਉਤਪਾਦਨ ਘਟਣ ਨਾਲ ਵਧੀ ਨਿਰਭਰਤਾ
ਕੱਚੇ ਤੇਲ ਦੀ ਉੱਚੇ ਦਰਾਮਦ ਦੀ ਵਜ੍ਹਾ ਨਾਲ ਵੱਡੇ ਆਰਥਿਕ ਸੰਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ। ਘਰੇਲੂ ਉਤਪਾਦਨ ਵਿਚ ਲਗਾਤਾਰ ਗਿਰਾਵਟ ਦੀ ਵਜ੍ਹਾ ਨਾਲ ਭਾਰਤ ਦੀ ਦਰਾਮਦ ਉੱਤੇ ਨਿਰਭਰਤਾ ਵਧੀ ਹੈ। ਦੇਸ਼ ਵਿਚ ਕੱਚੇ ਤੇਲ ਦਾ ਉਤਪਾਦਨ 2019-20 ਵਿਚ 3.05 ਕਰੋਡ਼ ਟਨ ਸੀ, ਜੋ ਇਸ ਦੇ ਅਗਲੇ ਸਾਲ ਘੱਟ ਕੇ 2.91 ਕਰੋਡ਼ ਟਨ ਰਹਿ ਗਈ। ਚਾਲੂ ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ ਵਿਚ ਭਾਰਤ ਦਾ ਕੱਚੇ ਤੇਲ ਦਾ ਉਤਪਾਦਨ 2.38 ਕਰੋਡ਼ ਟਨ ਰਿਹਾ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 2.44 ਕਰੋਡ਼ ਟਨ ਰਿਹਾ ਸੀ।