ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 44 ਪੈਸੇ ਚੜ੍ਹਿਆ

08/17/2022 12:56:10 PM

ਮੁੰਬਈ- ਵਿਦੇਸ਼ੀ ਫੰਡਾਂ ਦੀ ਲਿਵਾਲੀ 'ਚ ਤੇਜ਼ੀ ਕਾਰਨ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 44 ਪੈਸੇ ਵਧ ਕੇ 79.30 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਮੁਦਰਾਸਫੀਤੀ ਦੇ ਦਬਾਅ 'ਚ ਨਰਮੀ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਹਾਂ-ਪੱਖੀ ਸ਼ੁਰੂਆਤ ਨਾਲ ਵੀ ਨਿਵੇਸ਼ਕਾਂ ਦੀ ਧਾਰਣਾ ਨੂੰ ਬਲ ਮਿਲਿਆ। 
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 79.32 'ਤੇ ਤੇਜ਼ੀ ਨਾਲ ਖੁੱਲ੍ਹਿਆ ਅਤੇ ਫਿਰ 79.30 'ਤੇ ਪਹੁੰਚ ਗਿਆ। ਇਸ ਤਰ੍ਹਾਂ ਰੁਪਏ ਨੇ ਪਿਛਲੇ ਬੰਦ ਦੇ ਮੁਕਾਬਲੇ 44 ਪੈਸੇ ਦਾ ਵਾਧਾ ਦਰਜ ਕੀਤਾ। ਰੁਪਿਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 12 ਪੈਸੇ ਦੀ ਗਿਰਾਵਟ ਨਾਲ 79.74 'ਤੇ ਬੰਦ ਹੋਇਆ ਸੀ। ਵਿਦੇਸ਼ੀ ਮੁਦਰਾ ਬਾਜ਼ਾਰ ਸੋਮਵਾਰ ਨੂੰ ਸੁਤੰਤਰਤਾ ਦਿਵਸ ਅਤੇ ਮੰਗਲਵਾਰ ਨੂੰ ਪਾਰਸੀ ਨਵ ਸਾਲ ਦੇ ਮੌਕੇ 'ਤੇ ਬੰਦ ਹੋਇਆ ਸੀ। 
ਇਸ ਵਿਚਾਲੇ ਛੇ ਮੁੱਖ ਮੁਦਰਾਵਾਂ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.06 ਫੀਸਦੀ ਫਿਸਲ ਕੇ 106.44 'ਤੇ ਆ ਗਿਆ। ਸੰਸਾਰਿਕ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.34 ਫੀਸਦੀ ਵਧ ਕੇ 92.65 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ। 
ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਸ਼ੁੱਧ ਰੂਪ ਨਾਲ 1,376.84 ਕਰੋੜ ਰੁਪਏ ਦੇ ਸ਼ੇਅਰ ਖਰੀਦੇ। 


Aarti dhillon

Content Editor

Related News