ਰੁਪਏ ’ਤੇ ‘ਹਾਏ-ਤੌਬਾ’ ਨਾ ਮਚਾਓ, 68-70 ਦਾ ਪੱਧਰ ਸਹੀ : ਗਰਗ

Tuesday, Sep 11, 2018 - 08:06 AM (IST)

ਰੁਪਏ ’ਤੇ ‘ਹਾਏ-ਤੌਬਾ’ ਨਾ ਮਚਾਓ, 68-70 ਦਾ ਪੱਧਰ ਸਹੀ : ਗਰਗ

ਨਵੀਂ ਦਿੱਲੀ— ਰੁਪਏ ’ਚ ਜਿੰਨੀ ਗਿਰਾਵਟ ਆਉਣੀ ਸੀ ਉਹ ਆ ਚੁੱਕੀ ਹੈ। ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਲਈ 68-70 ਦਾ ਪੱਧਰ ਸਹੀ ਹੈ।  ਇਹ ਗੱਲ ਆਰਥਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਕ ਇੰਟਰਵਿਊ ਦੌਰਾਨ ਕਹੀ।  ਕੁਝ ਮਾਹਿਰਾਂ ਵੱਲੋਂ ਰੁਪਏ ਦੇ 75 ਤੱਕ ਜਾਣ ਦੀ ਗੱਲ ਕਹੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਹੜੇ ਲੋਕ ਅਜਿਹੀ ਗੱਲ ਕਹਿ ਰਹੇ ਹਨ। ਮੇਰੇ ਹਿਸਾਬ ਨਾਲ 72 ਦਾ ਪੱਧਰ ਵੀ ਜ਼ਿਆਦਾ ਹੈ। ਡਾਲਰ ਦੇ ਮੁਕਾਬਲੇ ਉੱਭਰਦੇ ਬਾਜ਼ਾਰਾਂ ਦੀਆਂ ਕਰੰਸੀਆਂ ਕਮਜ਼ੋਰ ਹੋਈਆਂ ਹਨ। ਕੁਝ ਮਾਹਿਰਾਂ ਮੁਤਾਬਕ ਜਿਨ੍ਹਾਂ ਉੱਭਰਦੇ ਬਾਜ਼ਾਰਾਂ ਦਾ ਚਾਲੂ ਖਾਤੇ ਦਾ ਘਾਟਾ (ਕੈਡ) ਜ਼ਿਆਦਾ ਹੈ ਉਨ੍ਹਾਂ ’ਤੇ ਅੱਗੇ ਚੱਲ ਕੇ ਦਬਾਅ ਵਧ ਸਕਦਾ ਹੈ। ਇਸ ਵਜ੍ਹਾ ਨਾਲ ਪਿਛਲੇ ਹਫਤੇ ਅਚਾਨਕ ਕਈ ਦੇਸ਼ਾਂ ਦੀ ਕਰੰਸੀ ’ਚ ਗਿਰਾਵਟ ਆਈ ਅਤੇ ਰੁਪਇਆ ਵੀ ਇਸ ਦੇ ਅਸਰ ਤੋਂ ਨਹੀਂ ਬਚ ਸਕਿਆ। ਹਾਲਾਂਕਿ ਜੂਨ ਤਿਮਾਹੀ ’ਚ ਭਾਰਤ ਦਾ ਬੈਲੇਂਸ ਆਫ ਪੇਮੈਂਟ ਡੈਫੀਸਿਟ ਸਿਰਫ 11 ਅਰਬ ਡਾਲਰ ਸੀ। 

ਅਸੀਂ ਇਸ ਨੂੰ ਆਸਾਨੀ ਨਾਲ ਮੈਨੇਜ ਕਰ ਸਕਦੇ ਹਾਂ।  ਉਨ੍ਹਾਂ ਕਿਹਾ ਕਿ ਦਰਾਮਦਕਾਰਾਂ ਨੂੰ ਵੀ ਰੁਪਏ ’ਚ ਗਿਰਾਵਟ ਦਾ ਡਰ ਸਤਾਅ ਰਿਹਾ ਹੈ। ਇਸ ਲਈ ਉਹ ਜ਼ਿਆਦਾ ਹੇਜਿੰਗ ਕਰ ਰਹੇ ਹਨ। ਕੁਝ ਮਾਹਿਰ ਅਜੇ ਪੇਮੈਂਟ ਨਹੀਂ ਲੈ ਰਹੇ ਹਨ ਕਿਉਂਕਿ ਉਹ ਬਾਅਦ ’ਚ ਰੁਪਏ ’ਚ ਹੋਰ ਕਮਜ਼ੋਰੀ ਆਉਣ ’ਤੇ ਜ਼ਿਆਦਾ ਫਾਇਦੇ ਦੀ ਉਮੀਦ ਕਰ ਰਹੇ ਹਨ। ਹਾਲਾਂਕਿ ਪਿਛਲੇ ਹਫਤੇ ਦੇ ਅੰਤ ’ਚ ਰੁਪਏ ’ਚ ਕੁਝ ਰਿਕਵਰੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਰੁਪਇਆ 72 ਦਾ ਪੱਧਰ ਪਾਰ ਨਹੀਂ ਕਰੇਗਾ। ਜੋ ਆਪ੍ਰੇਟਰਸ ਉੱਭਰਦੇ ਬਾਜ਼ਾਰਾਂ ਦੀ ਕਰੰਸੀ ’ਚ ਕਮਜ਼ੋਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਅੱਗੇ ਚੱਲ ਕੇ ਪਛਤਾਉਣਾ ਪੈ ਸਕਦਾ ਹੈ। ਮੇਰੇ ਹਿਸਾਬ ਨਾਲ 68-70 ਦਾ ਪੱਧਰ ਭਾਰਤੀ ਕਰੰਸੀ ਲਈ ਸਹੀ ਹੈ।


Related News