ਤੁਹਾਡਾ ATM ਕਾਰਡ ਹੋ ਸਕਦੈ ਬੰਦ, 31 DEC ਤੋਂ ਪਹਿਲਾਂ ਕਰ ਲਓ ਇਹ ਕੰਮ
Sunday, Dec 23, 2018 - 03:52 PM (IST)

ਨਵੀਂ ਦਿੱਲੀ— ਇਕ ਹਫਤੇ ਬਾਅਦ ਨਾ ਸਿਰਫ ਮਹੀਨੇ ਦਾ ਅੰਤ ਹੋਵੇਗਾ ਸਗੋਂ ਸਾਲ ਵੀ ਬਦਲ ਜਾਵੇਗਾ। 31 ਦਸੰਬਰ ਤੋਂ ਕੁਝ ਨਿਯਮ ਵੀ ਬਦਲ ਜਾਣਗੇ। ਅਜਿਹੇ 'ਚ ਇਸ ਹਫਤੇ ਕੁਝ ਜ਼ਰੂਰੀ ਕੰਮ ਨਿਪਟਾ ਲਓ, ਨਹੀਂ ਤਾਂ ਮੁਸ਼ਕਲ ਹੋ ਸਕਦੀ ਹੈ।
ATM ਕਾਰਡ
ਜੇਕਰ ਤੁਹਾਡੇ ਕੋਲ ਏ. ਟੀ. ਐੱਮ. ਕਾਰਡ ਹੈ ਤਾਂ ਇਹ ਜ਼ਰੂਰ ਜਾਂਚ ਲਓ ਕਿ ਤੁਹਾਡਾ ਕਾਰਡ ਈ. ਐੱਮ. ਵੀ. ਚਿਪ ਵਾਲਾ ਹੈ ਜਾਂ ਨਹੀਂ। ਜੇਕਰ ਤੁਹਾਡਾ ਕਾਰਡ ਮੈਗਨੇਟਿਕ ਸਟ੍ਰਿਪ ਵਾਲਾ ਹੈ ਤਾਂ ਜਲਦ ਹੀ ਚਿਪ ਵਾਲਾ ਕਾਰਡ ਅਪਲਾਈ ਕਰ ਦਿਓ। 31 ਦਸੰਬਰ ਦੇ ਬਾਅਦ ਮੈਗਨੇਟਿਕ ਕਾਰਡ ਬੰਦ ਹੋ ਜਾਣਗੇ।
ਭਾਰਤੀ ਰਿਜ਼ਰਵ ਬੈਂਕ ਨੇ 27 ਅਗਸਤ 2015 ਨੂੰ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਦੇ ਮੈਗਨੇਟਿਕ ਸਟ੍ਰਿਪ ਵਾਲੇ ਏ. ਟੀ. ਐੱਮ. ਕਾਰਡ ਨੂੰ ਈ. ਐੱਮ. ਵੀ. ਚਿਪ ਕਾਰਡ ਨਾਲ ਬਦਲਣਾ ਜ਼ਰੂਰੀ ਹੈ।
ਨਾਨ-CTS ਚੈੱਕ
ਜੇਕਰ ਤੁਸੀਂ ਸੀ. ਟੀ. ਐੱਸ. ਤੋਂ ਬਿਨਾਂ ਵਾਲੇ ਚੈੱਕ ਇਸਤੇਮਾਲ ਕਰ ਰਹੇ ਹੋ ਤਾਂ ਜਲਦ ਇਹ ਵੀ ਬਦਲ ਲਓ। ਰਿਜ਼ਰਵ ਬੈਂਕ ਨੇ ਸੀ. ਟੀ. ਐੱਸ. ਚੈੱਕ ਨੂੰ ਲੈ ਕੇ ਤਿੰਨ ਮਹੀਨੇ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਮੁਤਾਬਕ ਨਾਨ-ਸੀ. ਟੀ. ਐੱਸ. ਚੈੱਕ ਪਹਿਲੀ ਜਨਵਰੀ 2019 ਤੋਂ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਜੇਕਰ ਤੁਹਾਡੇ ਕੋਲ ਨਾਨ-ਸੀ. ਟੀ. ਐੱਸ. ਚੈੱਕ ਹਨ ਤਾਂ ਤੁਹਾਨੂੰ ਬੈਂਕ ਤੋਂ ਸੀ. ਟੀ. ਐੱਸ. ਵਾਲੀ ਨਵੀਂ ਚੈੱਕ ਬੁੱਕ ਜਾਰੀ ਕਰਾ ਲੈਣੀ ਚਾਹੀਦੀ ਹੈ। 1 ਜਨਵਰੀ ਤੋਂ ਸਾਰੇ ਬੈਂਕ ਨਾਨ-ਸੀ. ਟੀ. ਐੱਸ. ਚੈੱਕ ਸਵੀਕਾਰ ਕਰਨਾ ਬੰਦ ਕਰਨ ਜਾ ਰਹੇ ਹਨ।
ਇਨਕਮ ਟੈਕਸ
ਜੇਕਰ ਤੁਸੀਂ ਹੁਣ ਤਕ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ ਹੈ ਤਾਂ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਜ਼ਰੂਰ ਕਰ ਲਓ। ਅਜਿਹਾ ਇਸ ਲਈ ਕਿਉਂਕਿ ਨਵੇਂ ਇਨਕਮ ਟੈਕਸ ਕਾਨੂੰਨ (ਧਾਰਾ 234 ਐੱਫ) ਮੁਤਾਬਕ ਜਿਹੜੇ ਲੋਕ ਇਸ ਤਰੀਕ ਤੋਂ ਬਾਅਦ ਆਪਣੀ ਰਿਟਰਨ ਫਾਈਲ ਕਰਨਗੇ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾਵੇਗਾ। ਮੌਜੂਦਾ ਕਾਨੂੰਨ ਮੁਤਾਬਕ ਆਖਰੀ ਤਰੀਕ ਤੋਂ ਬਾਅਦ ਇਨਕਮ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ 'ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਜਿਨ੍ਹ੍ਹਾਂ ਲੋਕਾਂ ਦੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ 'ਤੇ ਵੱਧ ਤੋਂ ਵੱਧ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।