ਪੰਜਾਬ 'ਚ ਮੁਫ਼ਤ ਸਫ਼ਰ ਕਰਦੀਆਂ ਬੀਬੀਆਂ ਲਈ ਆ ਗਿਆ ਵੱਡਾ ਫ਼ੈਸਲਾ, ਆਧਾਰ ਕਾਰਡ ਬੰਦ!

Saturday, Jun 07, 2025 - 12:08 PM (IST)

ਪੰਜਾਬ 'ਚ ਮੁਫ਼ਤ ਸਫ਼ਰ ਕਰਦੀਆਂ ਬੀਬੀਆਂ ਲਈ ਆ ਗਿਆ ਵੱਡਾ ਫ਼ੈਸਲਾ, ਆਧਾਰ ਕਾਰਡ ਬੰਦ!

ਚੰਡੀਗੜ੍ਹ (ਵਿਨੇ) : ਪੰਜਾਬ ਸਰਕਾਰ ਇਸ ਸਮੇਂ ਸੂਬੇ ਦੀਆਂ ਕਰੀਬ 1 ਕਰੋੜ 40 ਲੱਖ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦਾ ਲਾਭ ਦੇ ਰਹੀ ਹੈ। ਮੁਫ਼ਤ ਬੱਸ ਸੇਵਾ ਦਾ ਲਾਭ ਲੈਣ ਲਈ ਪੰਜਾਬ ਤੋਂ ਬਾਹਰ ਦੀਆਂ ਕਈ ਔਰਤਾਂ ਨਕਲੀ ਆਧਾਰ ਕਾਰਡ ਰਾਹੀਂ ਪੀ. ਆਰ. ਟੀ. ਸੀ. ਨੂੰ ਮੋਟਾ ਚੂਨਾ ਲਾ ਰਹੀਆਂ ਹਨ। ਬੀਤੇ ਦਿਨੀਂ ਇਕ ਹੀ ਆਧਾਰ ਕਾਰਡ ਨੰਬਰ 'ਤੇ ਵੱਖ-ਵੱਖ ਔਰਤਾਂ ਵਲੋਂ ਵੱਖ-ਵੱਖ ਆਧਾਰ ਕਾਰਡ ਹੋਣ ਦਾ ਮਾਮਲਾ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਸਾਹਮਣੇ ਆ ਚੁੱਕਾ ਹੈ। ਇਸ ਗੋਲਮਾਲ ਨੂੰ ਰੋਕਣ ਲਈ ਪੀ. ਆਰ. ਟੀ. ਸੀ. ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਔਰਤਾਂ ਦੀ ਮੁਫ਼ਤ ਬੱਸ ਸੇਵਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਦਾ ਆਰ. ਐੱਫ. ਆਈ. ਡੀ. (ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ) ਬਣਾਉਣ ਦਾ ਫ਼ੈਸਲਾ ਲਿਆ ਹੈ। ਅਜਿਹੇ 'ਚ ਆਧਾਰ ਕਾਰਡ ਦੀ ਥਾਂ 'ਤੇ ਹੁਣ ਇਸ ਕਾਰਡ ਦਾ ਇਸਤੇਮਾਲ ਮੁਫ਼ਤ ਬੱਸ ਸੇਵਾ ਲਈ ਹੋ ਸਕੇਗਾ। ਇਸ 'ਚ ਪੰਜਾਬ ਦੇ ਬਾਹਰ ਦੀ ਕੋਈ ਔਰਤ ਮੁਫ਼ਤ ਬੱਸ ਸੇਵਾ ਦਾ ਲਾਭ ਨਹੀਂ ਲੈ ਸਕੇਗੀ। ਪੀ. ਆਰ. ਟੀ. ਸੀ. ਦੇ ਸੀਨੀਅਰ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਸਾਂ 'ਚ ਟਿਕਟ ਕੱਟਦੇ ਸਮੇਂ ਕੰਡਕਟਰ ਕੋਲ ਆਧਾਰ ਕਾਰਡ ਦੇ ਅਸਲੀ ਜਾਂ ਨਕਲੀ ਹੋਣ ਦੀ ਜਾਂਚ ਦਾ ਕੋਈ ਤਰੀਕਾ ਨਹੀਂ ਹੁੰਦਾ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਹੋਸ਼ ਉਡਾ ਦੇਣ ਵਾਲੀ ਖ਼ਬਰ! ਪੜ੍ਹ ਕੇ ਤੁਸੀਂ ਵੀ ਚਿੰਤਾ 'ਚ ਡੁੱਬ ਜਾਵੋਗੇ

ਪੀ. ਆਰ. ਟੀ. ਸੀ. ਦੇ ਕਈ ਕੰਡਕਟਰਾਂ ਨੇ ਪੀ. ਆਰ. ਟੀ. ਸੀ. ਮੁੱਖ ਦਫ਼ਤਰ 'ਚ ਬੀਤੇ ਦਿਨੀਂ ਕਈ ਵਾਰ ਰਿਪੋਰਟ ਕੀਤਾ ਹੈ ਕਿ ਇਕ ਹੀ ਆਧਾਰ ਕਾਰਡ ਨੰਬਰ 'ਤੇ ਕਈ ਔਰਤਾਂ ਨੇ ਆਪਣੇ ਆਧਾਰ ਕਾਰਡ ਬਣਾ ਰੱਖੇ ਹਨ ਅਤੇ ਇਸ ਦਾ ਵਿਰੋਧ ਕਰਨ 'ਤੇ ਔਰਤਾਂ ਬੱਸਾਂ 'ਚ ਕੰਡਕਟਰਾਂ ਨਾਲ ਬਹਿਸ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਦਿਲਚਸਪ ਗੱਲ ਹੈ ਕਿ ਮੁਫ਼ਤ ਬੱਸ ਸੇਵਾ ਲਈ ਵੈਲਿਡ ਆਧਾਰ ਕਾਰਡ ਨੂੰ ਕਿਸੇ ਵੀ ਸਾਈਬਰ ਕੈਫ਼ੇ 'ਤੇ ਆਸਾਨੀ ਨਾਲ ਤਿਆਰ ਕਰਵਾਇਆ ਜਾ ਸਕਦਾ ਹੈ। ਨਕਲੀ ਆਧਾਰ ਕਾਰਡ ਨਾਲ ਪੀ. ਆਰ. ਟੀ. ਸੀ. ਨੂੰ ਕੋਈ ਮਾਲੀ ਨੁਕਸਾਨ ਨਾ ਹੋਵੇ, ਇਸ ਲਈ ਕਈ ਪਹਿਲੂਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਈ. ਟੀ. ਇੰਜੀਨੀਅਰ ਸ਼ੁਭਮ ਕੁਮਾਰ ਦਾ ਕਹਿਣਾ ਹੈ ਕਿ ਆਰ. ਐੱਫ. ਆਈ. ਡੀ. ਕਿਸੇ ਵੀ ਵਿਅਕਤੀ ਦੀ ਪਛਾਣ ਦੱਸਣ ਲਈ ਸਭ ਤੋਂ ਕਾਰਗਾਰ ਪਛਾਣ ਪੱਤਰ ਹੈ। ਇਸ ਕਾਰਡ ਦੇ ਨਕਲੀ ਤਿਆਰ ਕੀਤੇ ਜਾਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਆਰ. ਐੱਫ. ਆਈ. ਡੀ.ਤਕਨੀਕ ਦਾ ਮਹੱਤਵਪੂਰਨ ਹਿੱਸਾ ਹੈ। ਇਸ ਨੂੰ ਪੜ੍ਹਨ ਲਈ ਖ਼ਾਸ ਤਰ੍ਹਾਂ ਦੇ ਯੰਤਰ ਦਾ ਇਸਤੇਮਾਲ ਕਰਕੇ ਸਬੰਧਿਤ ਵਿਅਕਤੀ ਦੀ ਜਾਣਕਾਰੀ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗ੍ਰਿਫ਼ਤਾਰ ਯੂ-ਟਿਊਬਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਖੁੱਲ੍ਹਣਗੇ ਨਵੇਂ ਰਾਜ਼ (ਵੀਡੀਓ)
ਆਧਾਰ ਕਾਰਡ ਦੀ ਥਾਂ 2 ਬਦਲਾਂ 'ਤੇ ਕੀਤਾ ਜਾ ਰਿਹਾ ਵਿਚਾਰ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਲਗਾਤਾਰ ਪੰਜਾਬ ਦੇ ਲੋਕਾਂ ਲਈ ਬੱਸ ਸਫ਼ਰ ਨੂੰ ਸੌਖਾਲਾ ਬਣਾਉਣ ਲਈ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਕਰ ਰਹੇ ਹਨ। 1 ਅਪ੍ਰੈਲ, 2021 ਤੋਂ ਪੰਜਾਬ ਦੀਆਂ ਔਰਤਾਂ ਲਈ ਸ਼ੁਰੂ ਹੋਈ ਮੁਫ਼ਤ ਬੱਸ ਸੇਵਾ ਨੂੰ ਸਰਕਾਰ ਲਗਾਤਾਰ ਜਾਰੀ ਰੱਖੇਗੀ ਪਰ ਇਸ 'ਚ ਕੁੱਝ ਅਹਿਮ ਬਦਲਾਅ ਦੀ ਲੋੜ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ। ਕਈ ਵਾਰ ਦੇਖਣ 'ਚ ਆਇਆ ਹੈ ਕਿ ਕੰਡਕਟਰਾਂ ਤੋਂ ਆਧਾਰ ਕਾਰਡ ਨੰਬਰ ਨੂੰ ਪੜ੍ਹ ਕੇ ਉਸ ਨੂੰ ਟਿਕਟ ਮਸ਼ੀਨ 'ਚ ਲਿਖਣ 'ਚ ਗਲਤੀ ਹੋ ਜਾਂਦੀ ਹੈ ਅਤੇ ਕਈ ਲੋਕਾਂ ਨੇ ਇਸ ਦਾ ਗਲਤ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਬਾਹਰ ਦੀਆਂ ਔਰਤਾਂ ਲਈ ਮੁਫ਼ਤ ਬੱਸ ਸੇਵਾ ਦਾ ਲਾਭ ਦੇਣਾ ਤੈਅ ਨਿਯਮਾਂ ਦੇ ਖ਼ਿਲਾਫ਼ ਹੈ। ਇਹ ਹੀ ਕਾਰਨ ਹੈ ਕਿ ਫਿਲਹਾਲ ਆਧਾਰ ਕਾਰਡ ਦੀ ਥਾਂ 'ਤੇ ਵੱਖ-ਵੱਖ 2 ਬਦਲਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਦੀ ਥਾਂ 'ਤੇ ਆਰ. ਐੱਫ. ਆਈ. ਡੀ. ਅਤੇ ਦੂਜਾ ਐੱਨ. ਸੀ. ਐੱਮ. ਸੀ. (ਨੈਸ਼ਨਲ ਕਾਮਨ ਮੋਬਿਲਟੀ ਕਾਰਡ)। ਦੋਹਾਂ 'ਚੋਂ ਜੋ ਕਾਰਡ ਜ਼ਿਆਦਾ ਸਹੀ ਹੋਵੇਗਾ, ਉਸ ਨੂੰ ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਬਣਵਾਉਣਾ ਪਵੇਗਾ। ਇਸ ਤੋਂ ਬਿਨਾਂ ਮੁਫ਼ਤ ਬੱਸ ਸੇਵਾ ਦਾ ਲਾਭ ਲੈਣਾ ਸੰਭਵ ਨਹੀਂ ਹੋਵੇਗਾ।        

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News