ਇਲੈਕਟ੍ਰਾਨਿਕਸ ਕੰਪੋਨੈਂਟ ਸੈਕਟਰ ਲਈ 23 ਹਜ਼ਾਰ ਕਰੋੜ ਰੁਪਏ ਦੀ PLI ਯੋਜਨਾ ਨੂੰ ਪ੍ਰਵਾਨਗੀ
Saturday, Mar 29, 2025 - 01:23 PM (IST)

ਨਵੀਂ ਦਿੱਲੀ (ਏਜੰਸੀ)- ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ 22,919 ਕਰੋੜ ਰੁਪਏ ਦੇ ਖਰਚ ਨਾਲ ਗੈਰ-ਸੈਮੀਕੰਡਕਟਰ ਇਲੈਕਟ੍ਰਾਨਿਕਸ ਕੰਪੋਨੈਂਟ ਲਈ ਉਤਪਾਦਨ-ਲਿੰਕਡ ਪ੍ਰੋਤਸਾਹਨ (PLI) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ 91,600 ਲੋਕਾਂ ਲਈ ਸਿੱਧੇ ਰੁਜ਼ਗਾਰ ਪੈਦਾ ਕਰੇਗੀ, ਜਦੋਂ ਕਿ ਇਸ ਨਾਲ ਲਗਭਗ 59,350 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ। ਇਹ ਸਰਕਾਰ ਦੀ ਪਹਿਲੀ ਯੋਜਨਾ ਹੈ, ਜੋ ਪੈਸਿਵ ਇਲੈਕਟ੍ਰਾਨਿਕ ਕੰਪੋਨੈਂਟ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਹੈ।
ਵੈਸ਼ਣਵ ਨੇ ਕਿਹਾ, "ਇਲੈਕਟ੍ਰਾਨਿਕਸ ਕੰਪੋਨੈਂਟ ਪੀ.ਐੱਲ.ਆਈ. ਸਕੀਮ ਦੇ ਤਹਿਤ ਪੈਸਿਵ ਕੰਪੋਨੈਂਟਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸਦਾ ਕੁੱਲ ਪੈਕੇਜ 22,919 ਕਰੋੜ ਰੁਪਏ ਦਾ ਹੈ। ਇਹ 6 ਸਾਲਾਂ ਵਿੱਚ ਪੂਰਾ ਹੋਵੇਗਾ।" ਉਨ੍ਹਾਂ ਕਿਹਾ ਕਿ ਇਹ ਸੈਗਮੈਂਟ ਟੈਲੀਕਾਮ, ਖਪਤਕਾਰ ਇਲੈਕਟ੍ਰਾਨਿਕਸ, ਆਟੋਮੋਬਾਈਲ, ਮੈਡੀਕਲ ਉਪਕਰਣ, ਬਿਜਲੀ ਖੇਤਰ ਆਦਿ ਵਰਗੇ ਕਈ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਕੀਮ ਤੋਂ 4.56 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਣ ਦੀ ਉਮੀਦ ਹੈ।