ਪੀ. ਐੱਸ. ਯੂ. ਬੈਂਕ ਇੰਡੈਕਸ ਟੁੱਟਣ ਨਾਲ 1 ਲੱਖ ਕਰੋੜ ਦਾ ਨੁਕਸਾਨ
Thursday, Feb 22, 2018 - 12:28 PM (IST)

ਮੁੰਬਈ— ਪਿਛਲੇ ਪੰਜ ਮਹੀਨਿਆਂ 'ਚ ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 'ਚ ਵਾਧਾ ਦਿਸ ਰਿਹਾ ਸੀ ਕਿਉਂਕਿ ਸਰਕਾਰ ਦੀ ਬੈਂਕਾਂ 'ਚ ਪੂੰਜੀ ਪਾਉਣ ਦੀ ਯੋਜਨਾ ਦੇ ਮੱਦੇਨਜ਼ਰ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਸੀ। ਹਾਲਾਂਕਿ ਪੀ. ਐੱਨ. ਬੀ. ਬੈਂਕ 'ਚ ਘੋਟਾਲੇ ਦੇ ਬਾਅਦ ਇਸ ਇੰਡੈਕਸ 'ਚ ਜਨਵਰੀ ਦੀ ਉਚਾਈ ਦੇ ਮੁਕਾਬਲੇ 22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ 1 ਲੱਖ ਕਰੋੜ ਰੁਪਏ ਸਵਾਹਾ ਹੋ ਗਏ। 24 ਅਕਤੂਬਰ ਨੂੰ ਸਰਕਾਰ ਵੱਲੋਂ ਐਲਾਨ ਪੁਨਰ ਪੂੰਜੀਕਰਨ ਯੋਜਨਾ ਨਾਲ ਪੀ. ਐੱਸ. ਯੂ. ਬੈਂਕ ਇੰਡੈਕਸ 24 ਜਨਵਰੀ ਨੂੰ 3,965.60 ਅੰਕ ਦੀ ਉਚਾਈ 'ਤੇ ਪਹੁੰਚ ਗਿਆ ਸੀ ਅਤੇ ਇਸ ਦੇ ਬਾਅਦ ਥੋੜ੍ਹੇ ਸਮੇਂ ਤਕ ਇਹ ਸਥਿਰ ਰਿਹਾ ਪਰ ਹਰ ਕਾਰੋਬਾਰੀ ਸਤਰ 'ਚ ਬੰਦ ਮੁੱਲ ਇਕ ਦਿਨ ਪਹਿਲਾਂ ਦੇ ਮੁਕਾਬਲੇ ਘੱਟ ਹੁੰਦਾ ਗਿਆ।
14 ਫਰਵਰੀ ਨੂੰ ਪੀ. ਐੱਨ. ਬੀ. ਨੇ ਘੋਟਾਲੇ ਦਾ ਖੁਲਾਸਾ ਕੀਤਾ। ਇਸ ਘਟਨਾਕ੍ਰਮ ਨੇ ਨਿਵੇਸ਼ਕਾਂ ਅਤੇ ਆਮ ਲੋਕਾਂ ਨੂੰ ਸਰਕਾਰੀ ਬੈਂਕਾਂ ਦੇ ਭਵਿੱਖ ਦੇ ਮਾਮਲੇ 'ਚ ਚਿੰਤਤ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਇਹ ਘੋਟਾਲਾ ਪੀ. ਐੱਨ. ਬੀ. ਤਕ ਹੀ ਸੀਮਤ ਨਹੀਂ ਹੈ ਅਤੇ ਇਸ ਦਾ ਕੋਈ ਸਪੱਸ਼ਟ ਸੰਕੇਤ ਨਹੀਂ ਹੈ ਕਿ ਕਰਮਚਾਰੀਆਂ ਨੇ ਐੱਲ. ਓ. ਯੂ. ਸੇਵਾਵਾਂ ਦੀ ਦੁਰਵਰਤੋਂ ਦੂਜੇ ਬੈਂਕ 'ਚ ਨਹੀਂ ਕੀਤੀ। ਇਸ ਨਾਲ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਹੋਈ, ਜਿਸ ਕਰਾਨ ਸਰਕਾਰੀ ਬੈਂਕਾਂ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਦਰਜ ਕੀਤੀ ਗਈ। ਭਾਰਤੀ ਸਟੇਟ ਬੈਂਕ ਨੇ 162 ਅਰਬ ਰੁਪਏ ਗੁਆਏ, ਪੀ. ਐੱਨ. ਬੀ. ਨੇ 109 ਅਰਬ ਰੁਪਏ, ਬੈਂਕ ਆਫ ਬੜੌਦਾ ਨੇ 55 ਅਰਬ ਰੁਪਏ ਅਤੇ ਬੈਂਕ ਆਫ ਇੰਡੀਆ ਨੇ 18.5 ਅਰਬ ਰੁਪਏ। ਸਰਕਾਰੀ ਬੈਂਕਾਂ 'ਚ ਵੱਡੀ ਹਿੱਸੇਦਾਰ ਸਰਕਾਰ ਦੀ ਹਿੱਸੇਦਾਰੀ ਦੀ ਕੀਮਤ 590 ਅਰਬ ਰੁਪਏ ਘਟੀ ਹੈ। ਇਹ ਜਾਣਕਾਰੀ ਬਲੂਮਬਰਗ ਦੀ ਰਿਪੋਰਟ 'ਚ ਸਾਹਮਣੇ ਆਈ ਹੈ।