RI ਨੇ ਕੀਤਾ ਬਲੂਮਬਰਗ ਦੀ ਰਿਪੋਰਟ ਦਾ ਖੰਡਨ, ਨਹੀਂ ਵੇਚੇਗੀ ਮੀਡੀਆ ਕਾਰੋਬਾਰ

11/29/2019 9:52:33 AM

ਨਵੀਂ ਦਿੱਲੀ — ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਟਾਈਮਸ ਗਰੁੱਪ ਨੂੰ ਆਪਣਾ ਨਿਊਜ਼ ਮੀਡੀਆ ਕਾਰੋਬਾਰ ਵੇਚਣ ਦੀ ਬਲੂਮਬਰਗ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਬਲੂਮਬਰਗ ਨੇ ਸੂਚਨਾ ਦਿੱਤੀ ਸੀ ਕਿ ਅੰਬਾਨੀ ਭਾਰਤ ਦੇ ਟਾਈਮਸ ਗਰੁੱਪ ਨੂੰ ਆਪਣੀ ਨਿਊਜ਼ ਮੀਡੀਆ ਦੀ ਜਾਇਦਾਦ ਵੇਚਣ ਲਈ ਗੱਲਬਾਤ ਕਰ ਰਹੇ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਹ ਕਹਾਣੀ ਬੇਬੁਨਿਆਦ ਅਤੇ ਝੂਠੀ ਹੈ। ਬਲੂਮਬਰਗ ਨੇ ਰਿਪੋਰਟ ’ਚ ਕਿਹਾ ਸੀ ਕਿ ਟਾਈਮਸ ਆਫ ਇੰਡੀਆ ਦੇ ਪ੍ਰਕਾਸ਼ਕ ਬੇਨੇਟ ਕੋਲਮੈਨ ਐਂਡ ਕੰਪਨੀ ਲਿਮਟਿਡ (ਬੀ. ਸੀ. ਸੀ. ਐੱਲ.) ਅੰਬਾਨੀ ਦੇ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟਸ ਲਿਮਟਿਡ ਦੀਆਂ ਨਿਊਜ਼ ਮੀਡੀਆ ਜਾਇਦਾਦਾਂ ’ਤੇ ਸਲਾਹਕਾਰਾਂ ਦੀ ਨਿਯੁਕਤੀ ਕਰ ਰਹੀ ਹੈ। ਬੇਨੇਟ ਕੋਲਮੈਨ ਦੇ ਬੁਲਾਰੇ ਤੁਰੰਤ ਟਿੱਪਣੀਆਂ ਲਈ ਨਹੀਂ ਪਹੁੰਚ ਸਕੇ।

ਰਿਲਾਇੰਸ ਇੰਡਸਟਰੀਜ਼ ਨੇ 2014 ’ਚ ਨੈੱਟਵਰਕ 18 ਨੂੰ ਕੀਤਾ ਸੀ ਅਕਵਾਇਰ

ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ 2014 ’ਚ ਨੈੱਟਵਰਕ 18 ਨੂੰ ਅਕਵਾਇਰ ਕੀਤਾ ਸੀ। ਨੈੱਟਵਰਕ 18 ਨੂੰ ਮਾਰਚ ’ਚ ਖਤਮ ਹੋਏ ਵਿੱਤੀ ਸਾਲ ’ਚ 178 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਉਥੇ ਹੀ ਅਜੇ ਇਸ ਕੰਪਨੀ ਦੀ ਕੁਲ ਦੇਣਦਾਰੀ 2800 ਕਰੋੜ ਰੁਪਏ ਹੈ। ਨੈੱਟਵਰਕ 18 ਦੇ ਨਿਊਜ਼ ਅਤੇ ਮਨੋਰੰਜਨ ਦੇ 56 ਚੈਨਲ ਹਨ। ਨੈੱਟਵਰਕ 18 ਦੀਆਂ ਨਿਊਜ਼ ਮੀਡੀਆ ਜਾਇਦਾਦਾਂ ’ਚ ਮਨੀਕੰਟਰੋਲ, ਨਿਊਜ਼ 18, ਸੀ. ਐੱਨ. ਬੀ. ਸੀ. ਟੀ . ਵੀ. 18 ਡਾਟ ਕਾਮ, ਕ੍ਰਿਕਟ ਨੈਕਸਟ ਅਤੇ ਫਰਸਟ ਪੋਸਟ ਸ਼ਾਮਲ ਹਨ। ਓਧਰ ਟਾਈਮਸ ਗਰੁੱਪ ਦੇ ਨਾਂ ਨਾਲ ਜਾਣੀ ਜਾਣ ਵਾਲੀ ਬੇਨੇਟ ਕੋਲਮੈਨ ਐਂਡ ਕੰਪਨੀ ਕੋਲ ਟਾਈਮਸ ਨਾਓ ਅਤੇ ਈ. ਟੀ. ਨਾਓ ਵਰਗੇ ਨਿਊਜ਼ ਚੈਨਲ ਹਨ। ਇਸ ਤੋਂ ਇਲਾਵਾ ਉਹ ਟਾਈਮਸ ਆਫ ਇੰਡੀਆ ਅਤੇ ਇਕਾਨਮਿਕ ਟਾਈਮਸ ਅਖਬਾਰਾਂ ਦਾ ਵੀ ਪ੍ਰਕਾਸ਼ਨ ਕਰਦੀ ਹੈ।


Related News