ਅਮਰੀਕਾ ਦੇ ਹਵਾਬਾਜ਼ੀ ਉਦਯੋਗ ’ਚ ਪਰਤੀ ਬਹਾਰ, ਯੂਨਾਈਟਿਡ ਏਅਰਲਾਈਨਜ਼ ਖ਼ਰੀਦੇਗੀ ਨਵੇਂ ਜਹਾਜ਼

Wednesday, Jun 30, 2021 - 03:28 PM (IST)

ਅਮਰੀਕਾ ਦੇ ਹਵਾਬਾਜ਼ੀ ਉਦਯੋਗ ’ਚ ਪਰਤੀ ਬਹਾਰ, ਯੂਨਾਈਟਿਡ ਏਅਰਲਾਈਨਜ਼ ਖ਼ਰੀਦੇਗੀ ਨਵੇਂ ਜਹਾਜ਼

ਨਿਊਯਾਰਕ–ਪਿਛਲੇ ਸਾਲ ਕੋਰੋਨਾ ਕਾਰਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਅਮਰੀਕਾ ਦੇ ਹਵਾਬਾਜ਼ੀ ਉਦਯੋਗ ਉੱਤੋਂ ਆਰਥਿਕ ਸੰਕਟ ਦੇ ਬੱਦਲ ਹਟਣ ਲੱਗੇ ਹਨ ਅਤੇ ਬਹਾਰ ਪਰਤਣ ਲੱਗੀ ਹੈ। ਟੀਕਾਕਰਨ ਦੀ ਰਫਤਾਰ ਵਧਣ ਅਤੇ ਹਵਾਈ ਯਾਤਰਾ ਮੁੜ ਸ਼ੁਰੂ ਹੋਣ ਤੋਂ ਉਤਸ਼ਾਹਿਤ ਅਮਰੀਕਾ ਦੀ ਯੂਨਾਈਟਿਡ ਏਅਰਲਾਈਨਜ਼ ਨੇ 30 ਅਰਬ ਡਾਲਰ ਦੇ 270 ਬੋਇੰਗ ਅਤੇ ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਕੰਪਨੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੈ ਅਤੇ ਇਨ੍ਹਾਂ ਜਹਾਜ਼ਾਂ ਦੀ ਡਲਿਵਰੀ 2022 ਤੋਂ ਲੈ ਕੇ 2026 ਦੇ ਅੱਧ ’ਚ ਕੀਤੀ ਜਾਵੇਗੀ। ਏਅਰਬੱਸ ਅਲਬਾਮਾ ਦੇ ਆਪਣੇ ਪਲਾਂਟ ’ਚ ਇਨ੍ਹਾਂ ਜਹਾਜ਼ਾਂ ਦਾ ਨਿਰਮਾਣ ਕਰੇਗਾ।

ਇਹ ਵੀ ਪੜ੍ਹੋ : ਕੋਆਪ੍ਰੇਟਿਵ ਬੈਂਕਾਂ ਨੂੰ ਲੈ ਕੇ ਆਰ. ਬੀ. ਆਈ. ਹੋਇਆ ਸਖ਼ਤ, 4 ਬੈਂਕਾਂ ’ਤੇ ਲਾਇਆ ਕਰੋੜਾਂ ਦਾ ਜੁਰਮਾਨਾ

200 ਬੋਇੰਗ 737 ਮੈਕਸ ਅਤੇ 70 ਏਅਰਬੱਸ ਏ 321 ਨਿਓ ਜੈੱਟ ਜਹਾਜ਼ ਕੰਪਨੀ ਦੇ ਛੋਟੇ ਮੇਨ ਲਾਈਨ ਜਹਾਜ਼ਾਂ ਦੀ ਥਾਂ ਲੈਣਗੇ। ਯੂਨਾਈਟਿਡ ਏਅਰਲਾਈਨਜ਼ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ ਅਤੇ ਕੋਰੋਨਾ ਮਹਾਮਾਰੀ ਕਾਰਨ ਕੰਪਨੀ ਨੂੰ ਕਾਫੀ ਨੁਕਸਾਨ ਹੋਇਆ ਹੈ। ਕੰਪਨੀ ਨੂੰ ਲੱਗ ਰਿਹਾ ਹੈ ਕਿ ਹੁਣ ਉਹ ਸੀਟਾਂ ਦੀ ਸਮਰੱਥਾ ’ਚ ਵਾਧਾ ਕਰ ਕੇ ਮਾਲੀਏ ’ਚ ਵਾਧਾ ਕਰ ਸਕਦੀ ਹੈ। ਕੰਪਨੀ ਦੇ ਚੀਫ ਐਗਜ਼ੀਕਿਊਟਿਵ ਸਕਾਟ ਕਿਰਬੀ ਨੇ ਕਿਹਾ ਕਿ ਨਵੀਂ ਖਰੀਦ ਨਾਲ ਯੂਨਾਈਟਿਡ ਏਅਰਲਾਈਨਜ਼ ਦੇ ਕਾਰੋਬਾਰ ’ਚ ਵਾਧਾ ਹੋਵੇਗਾ। ਕੰਪਨੀ ਵਲੋਂ ਆਰਡਰ ਕੀਤੇ ਗਏ 200 ਬੋਇੰਗ ਜਹਾਜ਼ਾਂ ’ਚ 150 ਮੈਕਸ 10 ਅਤੇ 50 ਮੈਕਸ 8 ਸ਼ਾਮਲ ਹਨ ਅਤੇ ਮੈਕਸ 10 ਦੀ ਸਮਰੱਥਾ 230 ਹੈ।

ਕੰਪਨੀ ਦਾ ਮੰਨਣਾ ਹੈ ਕਿ ਬੇੜੇ ’ਚ ਨਵੇਂ ਜਹਾਜ਼ ਸ਼ਾਮਲ ਹੋਣ ਤੋਂ ਬਾਅਦ ਉਸ ਕੋਲ ਫਸਟ ਕਲਾਸ ਅਤੇ ਇਕੋਨੋਮੀ ਪਲੱਸ ਕਲਾਸ ਦੇ ਨਾਲ-ਨਾਲ ਅਜਿਹੀਆਂ ਸੀਟਾਂ ਦੀ ਗਿਣਤੀ ਵਧ ਜਾਏਗੀ, ਜਿਸ ’ਚ ਜ਼ਿਆਦਾ ਲੈੱਗਰੂਮ ਹੋਵੇਗਾ ਅਤੇ ਇਹ ਮੁਸਾਫਰਾਂ ਲਈ ਜ਼ਿਆਦਾ ਆਰਾਮਦਾਇਕ ਹੋਣਗੀਆਂ। ਇਸ ਤੋਂ ਇਲਾਵਾ ਕੰਪਨੀ ਆਪਣੇ ਬੇੜੇ ’ਚ ਕਰੀਬ 500 ਨੈਰੋ ਬਾਡੀ ਜਹਾਜ਼ ਵੀ ਜੋੜ ਰਹੀ ਹੈ।ਇਨ੍ਹਾਂ ’ਚੋਂ 200 ਜਹਾਜ਼ ਕੰਪਨੀ ਦੇ ਬੇੜੇ ਦੀ ਸਮਰੱਥਾ ਵਧਾਉਣ ਲਈ ਇਸਤੇਮਾਲ ਕੀਤੇ ਜਾਣਗੇ, ਜਦਕਿ 300 ਪੁਰਾਣੇ ਜਹਾਜ਼ਾਂ ਨੂੰ ਬਦਲਿਆ ਜਾਵੇਗਾ। 50 ਸੀਟਾਂ ਵਾਲੇ ਇਨ੍ਹਾਂ ਜਹਾਜ਼ਾਂ ਨੂੰ ਕੰਪਨੀ ਪ੍ਰੀਮੀਅਮ ਗਾਹਕਾਂ ਦੀ ਸੇਵਾ ’ਚ ਲਗਾਏਗੀ। ਐਂਡ੍ਰਿਊ ਨੋਕੇਲਾ, ਚੀਫ ਕਮਰਸ਼ੀਅਲ ਆਫਿਸਰ, ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਏਅਰਬੱਸ ਏ 321 ਨਿਓ ਜੈੱਟ ਜਹਾਜ਼ ਆਕਾਰ ’ਚ ਵੱਡੇ ਹਨ ਅਤੇ ਕੰਪਨੀ ਕੋਲ ਇਹ ਜਹਾਜ਼ ਆਉਣ ਤੋਂ ਬਾਅਦ ਵੱਡੇ ਰੂਟਾਂ ’ਤੇ ਜ਼ਿਆਦਾਤਰ ਯਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ, ਜਿਸ ਨਾਲ ਕੰਪਨੀ ਦੀ ਆਮਦਨ ਵਧੇਗੀ।

25 ਹਜ਼ਾਰ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਕੋਰੋਨਾ ਕਾਰਨ ਅਮਰੀਕਾ ਦੇ ਹਵਾਬਾਜ਼ੀ ਉਦਯੋਗ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਦਿੱਤੇ ਗਏ ਆਰਥਿਕ ਪੈਕੇਜ ’ਚੋਂ ਯੂਨਾਈਟਿਡ ਏਅਰਲਾਈਨਜ਼ ਨੂੰ 10.5 ਅਰਬ ਡਾਲਰ ਦੀ ਰਾਹਤ ਰਾਸ਼ੀ ਮਿਲੀ ਸੀ। ਕੰਪਨੀ ਨੇ ਇਸ ਰਾਹਤ ਰਾਸ਼ੀ ਦਾ ਵੱਡਾ ਹਿੱਸਾ ਇਨ੍ਹਾਂ ਜਹਾਜ਼ਾਂ ਦੀ ਖਰੀਦ ਲਈ ਇਸਤੇਮਾਲ ਕੀਤਾ ਸੀ। ਇਸ ਖਰੀਦ ਤੋਂ ਬਾਅਦ ਕੰਪਨੀ ਕੋਲ ਮੌਜੂਦ ਬੇੜੇ ’ਚ ਸ਼ਾਮਲ 50 ਸੀਟਾਂ ਵਾਲੇ ਜਹਾਜ਼ਾਂ ਦੀ ਗਿਣਤੀ 10 ਫੀਸਦੀ ਤੋਂ ਵੀ ਘੱਟ ਹੋ ਜਾਏਗੀ। ਕੰਪਨੀ ਇਨ੍ਹਾਂ ਨਵੇਂ ਜਹਾਜ਼ਾਂ ’ਚ ਕੰਮ ਕਰਨ ਲਈ ਪਾਇਲਟਸ, ਅਟੈਂਡੈਂਟਸ ਅਤੇ ਮਕੈਨਿਕਸ ਦੀ ਭਰਤੀ ਕਰੇਗੀ, ਜਿਸ ਨਾਲ 25 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ।


author

Manoj

Content Editor

Related News