ਡੀਲਰਾਂ ਨੂੰ ਨੁਕਸਾਨ, ਮਾਰਚ 'ਚ ਫਿੱਕੀ ਰਹੀ ਵਾਹਨਾਂ ਦੀ ਵਿਕਰੀ

04/10/2019 1:46:17 PM

ਨਵੀਂ ਦਿੱਲੀ— ਪੈਟਰੋਲ, ਡੀਜ਼ਲ ਤੇ ਬੀਮਾ ਕਵਰ ਮਹਿੰਗਾ ਹੋਣ ਨਾਲ ਮਾਰਚ 'ਚ ਯਾਤਰੀ ਵਾਹਨਾਂ ਦੀ ਘਰੇਲੂ ਪ੍ਰਚੂਨ ਵਿਕਰੀ 10 ਫੀਸਦੀ ਘੱਟ ਕੇ 2,42,708 ਰਹਿ ਗਈ, ਜਦੋਂ ਕਿ ਪਿਛਲੇ ਸਾਲ ਮਾਰਚ 'ਚ 2,69,176 ਯਾਤਰੀ ਵਾਹਨ ਵਿਕੇ ਸਨ। ਯਾਤਰੀ ਵਾਹਨਾਂ 'ਚ ਕਾਰਾਂ, ਵੈਨ ਤੇ ਉਪਯੋਗੀ ਵਾਹਨ ਆਉਂਦੇ ਹਨ।
 

ਡੀਲਰ ਸੰਗਠਨ 'ਫਾਡਾ' ਵੱਲੋਂ ਜਾਰੀ ਡਾਟਾ ਮੁਤਾਬਕ, ਇਸ ਸਾਲ ਫਰਵਰੀ ਦੀ ਤੁਲਨਾ 'ਚ ਮਾਰਚ 'ਚ ਯਾਤਰੀ ਵਾਹਨਾਂ ਦੀ ਵਿਕਰੀ 5 ਫੀਸਦੀ ਵਧੀ ਹੈ ਪਰ ਸਾਲ-ਦਰ-ਸਾਲ ਆਧਾਰ 'ਤੇ ਇਸ 'ਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਦੀ ਥੋਕ ਵਿਕਰੀ ਵੀ ਘੱਟ ਰਹੀ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਵੱਲੋਂ ਸੋਮਵਾਰ ਜਾਰੀ ਹੋਏ ਅੰਕੜਿਆਂ ਅਨੁਸਾਰ, ਮਾਰਚ 'ਚ ਵਾਹਨਾਂ ਦੀ ਥੋਕ ਵਿਕਰੀ 2.96 ਫੀਸਦੀ ਘੱਟ ਕੇ 2,91,806 ਰਹਿ ਗਈ।
ਪਿਛਲੇ ਸਾਲ ਮਾਰਚ ਦੀ ਤੁਲਨਾ 'ਚ ਇਸ ਸਾਲ ਮਾਰਚ 'ਚ ਵਪਾਰਕ ਵਾਹਨਾਂ ਦੀ ਵਿਕਰੀ 12 ਫੀਸਦੀ ਘੱਟ ਕੇ 61,896 ਰਹੀ। ਤਿੰਨ ਪਹੀਆ ਵਾਹਨਾਂ ਦੀ ਵਿਕਰੀ 'ਚ 6 ਫੀਸਦੀ ਅਤੇ ਮੋਟਰਸਾਈਕਲ ਤੇ ਸਕੂਟਰਾਂ ਦੀ ਵਿਕਰੀ 'ਚ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਵਾਹਨ ਨਿਰਮਾਤਾਵਾਂ ਨੇ ਅਗਲੇ ਸਾਲ ਤੋਂ ਬੀ. ਐੱਸ.-6 ਨਿਯਮ ਲਾਗੂ ਹੋਣ ਅਤੇ ਹੋਰ ਬਦਲਾਵਾਂ ਨੂੰ ਦੇਖਦੇ ਹੋਏ ਡੀਲਰਾਂ ਨੂੰ ਸਪਲਾਈ ਘਟਾਈ ਹੈ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਜੇਕਰ ਮੌਨਸੂਨ ਚੰਗਾ ਰਿਹਾ ਅਤੇ ਕੇਂਦਰ 'ਚ ਸਥਿਰ ਸਰਕਾਰ ਬਣੀ ਤਾਂ ਆਉਣ ਵਾਲੇ ਸਮੇਂ 'ਚ ਵਿਕਰੀ 'ਚ ਉਛਾਲ ਦੇਖਣ ਨੂੰ ਮਿਲੇਗਾ।


Related News