ਪ੍ਰਚੂਨ ਮਹਿੰਗਾਈ ਦਰ ਘਟ ਕੇ 5 ਮਹੀਨਿਆਂ ਦੇ ਹੇਠਲੇ ਪੱਧਰ ''ਤੇ
Friday, Apr 13, 2018 - 03:42 AM (IST)

ਨਵੀਂ ਦਿੱਲੀ-ਦਾਲਾਂ ਦੇ ਮੁੱਲ ਇਕ ਸਾਲ ਪਹਿਲਾਂ ਦੇ ਮੁਕਾਬਲੇ 13 ਫ਼ੀਸਦੀ ਘਟਣ ਅਤੇ ਖਾਣ-ਪੀਣ ਦੇ ਹੋਰ ਸਾਮਾਨਾਂ ਦੀ ਮਹਿੰਗਾਈ ਦਰ ਘੱਟ ਰਹਿਣ ਨਾਲ ਮਾਰਚ 'ਚ ਪ੍ਰਚੂਨ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੀ ਦਰ ਲਗਾਤਾਰ ਤੀਸਰੇ ਮਹੀਨੇ ਘਟਦੀ ਹੋਈ 4.28 ਫ਼ੀਸਦੀ 'ਤੇ ਆ ਗਈ। ਪ੍ਰਚੂਨ ਮਹਿੰਗਾਈ ਦਾ ਇਹ ਪਿਛਲੇ ਸਾਲ ਅਕਤੂਬਰ (3.58 ਫ਼ੀਸਦੀ) ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇਸ ਸਾਲ ਫਰਵਰੀ 'ਚ ਪ੍ਰਚੂਨ ਮਹਿੰਗਾਈ 4.44 ਫ਼ੀਸਦੀ ਅਤੇ ਪਿਛਲੇ ਸਾਲ ਮਾਰਚ 'ਚ 3.89 ਫ਼ੀਸਦੀ ਦਰਜ ਕੀਤੀ ਗਈ ਸੀ। ਕੇਂਦਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਖੁਰਾਕੀ ਪਦਾਰਥਾਂ ਦੀ ਪ੍ਰਚੂਨ ਮਹਿੰਗਾਈ ਦਰ 2.81 ਫ਼ੀਸਦੀ ਰਹੀ। ਇਹ ਵੀ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇਸ ਸਾਲ ਫਰਵਰੀ 'ਚ ਖੁਰਾਕੀ ਪ੍ਰਚੂਨ ਮਹਿੰਗਾਈ 3.26 ਫ਼ੀਸਦੀ ਅਤੇ ਪਿਛਲੇ ਸਾਲ ਮਾਰਚ 'ਚ 2.01 ਫ਼ੀਸਦੀ ਰਹੀ ਸੀ।
ਅੰਕੜਿਆਂ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਮਾਰਚ ਦੇ ਮੁਕਾਬਲੇ ਇਸ ਸਾਲ ਮਾਰਚ 'ਚ ਦਾਲਾਂ ਅਤੇ ਉਨ੍ਹਾਂ ਦੇ ਉਤਪਾਦਾਂ ਦੇ ਮੁੱਲ 13.41 ਫ਼ੀਸਦੀ ਘਟੇ। ਖੰਡ ਅਤੇ ਕਨਫੈਕਸ਼ਨਰੀ ਉਤਪਾਦਾਂ ਦੀਆਂ ਕੀਮਤਾਂ 'ਚ 1.61 ਫ਼ੀਸਦੀ ਅਤੇ ਮਸਾਲਿਆਂ 'ਚ 0.07 ਫ਼ੀਸਦੀ ਦੀ ਗਿਰਾਵਟ ਰਹੀ।