ਮਈ ’ਚ ਰਿਟੇਲ ਮਹਿੰਗਾਈ ਦਰ ਘਟ ਕੇ 7.04 ਫੀਸਦੀ ’ਤੇ ਪੁੱਜੀ
Tuesday, Jun 14, 2022 - 03:14 PM (IST)
ਨਵੀਂ ਦਿੱਲੀ–ਦੇਸ਼ ’ਚ ਪ੍ਰਚੂਨ (ਰਿਟੇਲ) ਮਹਿੰਗਾਈ ਮਈ ਮਹੀਨੇ ’ਚ ਥੋੜੀ ਗਿਰਾਵਟ ਨਾਲ 7.04 ਫੀਸਦੀ ’ਤੇ ਰਹੀ ਹੈ ਜੋ ਅਪ੍ਰੈਲ ’ਚ 7.79 ਫੀਸਦੀ ਰਹੀ ਸੀ। ਹਾਲਾਂਕਿ 7 ਫੀਸਦੀ ਦੀ ਰਿਟੇਲ ਮਹਿੰਗਾਈ ਵੀ ਆਮ ਆਦਮੀ ਦੀ ਜੇਬ ’ਤੇ ਭਾਰੀ ਪੈ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਨਾਲ ਖਾਣ ਵਾਲੇ ਪਦਾਰਥਾਂ, ਦੁੱਧ ਅਤੇ ਆਵਾਜਾਈ ਦੀ ਵਧਦੀ ਲਾਗਤ ਕਾਰਨ ਆਮ ਆਦਮੀ ਲਈ ਮਹੀਨੇ ਦਾ ਖਰਚ ਕਾਫੀ ਵਧਿਆ ਹੈ। ਉਧਰ ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਵਿਆਜ ਦਰਾਂ ’ਚ ਕਰੀਬ 1 ਫੀਸਦੀ ਦਾ ਵਾਧਾ ਇਕ ਮਹੀਨੇ ਦੇ ਅੰਦਰ ਕਰ ਦਿੱਤਾ ਹੈ। ਇਸ ਨਾਲ ਹੋਮ ਲੋਨ, ਪਰਸਨਲ ਲੋਨ ਜਾਂ ਆਟੋ ਲੋਨ ਲੈਣ ਵਾਲਿਆਂ ਦੀ ਈ. ਐੱਮ. ਆਈ. ਵੀ ਵਧੀ ਹੈ।
ਅਪ੍ਰੈਲ ’ਚ ਮਹਿੰਗਾਈ ਦਾ ਪੱਧਰ 8 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਮਈ 2014 ’ਚ ਮਹਿੰਗਾਈ 8.33 ਫੀਸਦੀ ਦੇ ਪੱਧਰ ’ਤੇ ਸੀ। ਇਕ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਚੂਨ ਮਹਿੰਗਾਈ 4.23 ਫੀਸਦੀ ’ਤੇ ਸੀ। ਕੋਰੋਨਾ ਕਾਲ ਦੇ 2 ਸਾਲਾਂ ’ਚ ਮੰਗ ’ਚ ਭਾਰੀ ਕਮੀ ਅਤੇ ਉਦਯੋਗਿਕ ਸਰਗਰਮੀਆਂ ’ਚ ਉਥਲ-ਪੁਥਲ ਤੋਂ ਬਾਅਦ ਅਰਥਵਿਵਸਥਾ ’ਚ ਮੁੜ ਤੇਜ਼ੀ ਦਿਖਾਈ ਦੇ ਰਹੀ ਹੈ। ਇਸ ਨਾਲ ਮੰਗ ਅਤੇ ਖਪਤ ’ਚ ਵੀ ਉਛਾਲ ਆਇਆ ਹੈ ਪਰ ਰੂਸ-ਯੂਕ੍ਰੇਨ ਜੰਗ ਕਾਰਨ ਗਲੋਬਲ ਸਪਲਾਈ ’ਚ ਰੁਕਾਵਟ ਆਈ ਹੈ। ਇਸ ਕਾਰਨ ਕੱਚੇ ਤੇਲ, ਖਾਣ ਵਾਲੇ ਤੇਲ ਅਤੇ ਕਮੋਡਿਟੀ ਦੀਆਂ ਕੀਮਤਾਂ ’ਚ ਵੱਡਾ ਉਛਾਲ ਆਇਆ ਹੈ।