RBI ਦੀ ਕਰੰਸੀ ਨੀਤੀ ਸਮੀਖਿਅਾ ਬੈਠਕ ’ਤੇ ਰਹੇਗੀ ਬਾਜ਼ਾਰ ਦੀ ਨਜ਼ਰ

12/02/2019 12:46:59 AM

ਨਵੀਂ ਦਿੱਲੀ (ਏਜੰਸੀਆਂ)-ਦੇਸ਼ ਦੇ ਸ਼ੇਅਰ ਬਾਜ਼ਾਰ ’ਚ ਇਸ ਹਫਤੇ ਨਿਵੇਸ਼ਕਾਂ ਦੀ ਨਜ਼ਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਸਮੀਖਿਅਾ ਬੈਠਕ ’ਤੇ ਰਹੇਗੀ। ਇਸ ਤੋਂ ਇਲਾਵਾ ਬਾਜ਼ਾਰ ਦੀ ਦਿਸ਼ਾ ਤੈਅ ਕਰਨ ’ਚ ਪ੍ਰਮੁੱਖ ਅਾਰਥਿਕ ਅੰਕੜਿਆਂ ਦੀ ਅਹਿਮ ਭੂਮਿਕਾ ਹੋਵੇਗੀ। ਘਰੇਲੂ ਸ਼ੇਅਰ ਬਾਜ਼ਾਰ ’ਚ ਬੀਤੇ ਹਫਤੇ ਜੀ. ਡੀ. ਪੀ. ਦੇ ਖਰਾਬ ਅੰਕੜਿਆਂ ਨਾਲ ਨਿਵੇਸ਼ਕਾਂ ਦਾ ਮਨੋਬਲ ਟੁੱਟਿਆ, ਜਿਸ ਕਾਰਣ ਹਫਤੇ ਦੇ ਆਖਰੀ ਸੈਸ਼ਨ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਇਸ ਦਾ ਅਸਰ ਬਾਜ਼ਾਰ ’ਤੇ ਇਸ ਹਫਤੇ ਵੀ ਦੇਖਣ ਨੂੰ ਮਿਲੇਗਾ।

ਉਥੇ ਹੀ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦਾ ਭਾਅ, ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਸਮੇਤ ਹਫਤੇ ਦੌਰਾਨ ਜਾਰੀ ਹੋਣ ਵਾਲੇ ਪ੍ਰਮੁੱਖ ਅਾਰਥਿਕ ਅੰਕੜਿਆਂ ਅਤੇ ਆਟੋ ਕੰਪਨੀਆਂ ਦੀ ਪਿਛਲੇ ਮਹੀਨੇ ਦੀ ਵਿਕਰੀ ਦੇ ਅੰਕੜਿਆਂ ਦਾ ਵੀ ਅਸਰ ਦੇਖਣ ਨੂੰ ਮਿਲੇਗਾ।

ਆਰ. ਬੀ. ਆਈ. ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਦੋਮਾਹੀ ਸਮੀਖਿਅਾ ਬੈਠਕ ਮੰਗਲਵਾਰ ਨੂੰ ਸ਼ੁਰੂ ਹੋ ਰਹੀ ਹੈ, ਜਿਸ ਦੇ ਨਤੀਜੇ ਵੀਰਵਾਰ ਨੂੰ ਆਉਣਗੇ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਜੋ ਅੰਕੜੇ ਆਏ ਉਸ ਨਾਲ ਅਾਰਥਿਕ ਸੁਸਤੀ ਦੇ ਸੰਕੇਤ ਮਿਲਦੇ ਹਨ, ਜਿਸ ਦਾ ਅਸਰ ਇਸ ਹਫਤੇ ਦੀ ਸ਼ੁਰੂਆਤ ’ਚ ਬਾਜ਼ਾਰ ’ਤੇ ਦੇਖਣ ਨੂੰ ਮਿਲੇਗਾ। ਉਥੇ ਹੀ ਉਦਯੋਗਿਕ ਉਤਪਾਦਨ ਦੇ ਅਕਤੂਬਰ ਮਹੀਨੇ ਦੇ ਜੋ ਅੰਕੜੇ ਆਏ, ਉਹ ਵੀ ਉਤਸ਼ਾਹਜਨਕ ਨਹੀਂ ਹਨ।

ਓਧਰ ਮਾਰਕੀਟ ਮੈਨੂਫੈਕਚਰਿੰਗ ਪੀ. ਐੱਮ. ਆਈ. ਦੇ ਨਵੰਬਰ ਮਹੀਨੇ ਦੇ ਅੰਕੜੇ ਸੋਮਵਾਰ ਨੂੰ ਜਾਰੀ ਹੋਣਗੇ, ਜਦੋਂਕਿ ਨਵੰਬਰ ਮਹੀਨੇ ਲਈ ਮਾਰਕੀਟ ਸਰਵਿਸਿਜ਼ ਪੀ. ਐੱਮ. ਆਈ. ਦੇ ਅੰਕੜੇ ਬੁੱਧਵਾਰ ਨੂੰ ਆਉਣਗੇ। ਇਸ ’ਤੇ ਬਾਜ਼ਾਰ ਦੀ ਨਜ਼ਰ ਹੋਵੇਗੀ। ਇਸ ਤੋਂ ਇਲਾਵਾ ਸੰਸਦ ਦੇ ਚਾਲੂ ਸਰਦ ਰੁੱਤ ਸੈਸ਼ਨ ਦੌਰਾਨ ਹੋਣ ਵਾਲੇ ਫੈਸਲਿਆਂ ਅਤੇ ਹੋਰ ਰਾਜਨੀਤਕ ਘਟਨਾਚੱਕਰਾਂ ’ਤੇ ਵੀ ਨਿਵੇਸ਼ਕਾਂ ਦੀਆਂ ਨਜ਼ਰਾਂ ਹੋਣਗੀਆਂ। ਸੰਸਦ ਦਾ ਸਰਦ ਰੁੱਤ ਸੈਸ਼ਨ 13 ਦਸੰਬਰ ਤੱਕ ਚੱਲੇਗਾ। ਓਧਰ ਅਮਰੀਕਾ ਅਤੇ ਚੀਨ ਦਰਮਿਆਨ ਵਪਾਰਕ ਮਸਲਿਆਂ ਨੂੰ ਸੁਲਝਾਉਣ ਦੀ ਦਿਸ਼ਾ ’ਚ ਹੋਣ ਵਾਲੀ ਪ੍ਰਗਤੀ ਦਾ ਵੀ ਬਾਜ਼ਾਰ ’ਤੇ ਅਸਰ ਦੇਖਣ ਨੂੰ ਮਿਲੇਗਾ। ਉਥੇ ਹੀ ਚੀਨ ’ਚ ਨਵੰਬਰ ਮਹੀਨੇ ਦੇ ਕੈਕਸਿਨ ਮੈਨੂਫੈਕਚਰਿੰਗ ਪੀ. ਐੱਮ. ਆਈ. ਦੇ ਅੰਕੜੇ ਸੋਮਵਾਰ ਨੂੰ ਜਾਰੀ ਹੋਣਗੇ। ਇਸੇ ਦਿਨ ਅਮਰੀਕਾ ’ਚ ਵੀ ਨਵੰਬਰ ਮਹੀਨੇ ਦੇ ਮਾਰਕੀਟ ਮੈਨੂਫੈਕਚਰਿੰਗ ਪੀ. ਐੱਮ. ਆਈ. ਦੇ ਅੰਕੜੇ ਜਾਰੀ ਹੋਣਗੇ।


Karan Kumar

Content Editor

Related News