ਬੈਂਕ ਧੋਖਾਦੇਹੀ ਦੇ 100 ਵੱਡੇ ਮਾਮਲਿਆਂ ਦੀ ਰਿਪੋਰਟ RBI, ED ਤੇ CBI ਦੇ ਕੋਲ : CVC

Tuesday, Oct 16, 2018 - 10:48 PM (IST)

ਬੈਂਕ ਧੋਖਾਦੇਹੀ ਦੇ 100 ਵੱਡੇ ਮਾਮਲਿਆਂ ਦੀ ਰਿਪੋਰਟ RBI, ED ਤੇ CBI ਦੇ ਕੋਲ : CVC

ਨਵੀਂ ਦਿੱਲੀ-ਮੁੱਖ ਵਿਜੀਲੈਂਸ ਕਮਿਸ਼ਨਰ ਟੀ. ਐੱਮ. ਭਸੀਨ ਨੇ ਕਿਹਾ ਕਿ ਸੀ. ਵੀ. ਸੀ. ਨੇ ਬੈਂਕ ਧੋਖਾਦੇਹੀ ਦੇ 100 ਵੱਡੇ ਮਾਮਲਿਆਂ ਦਾ ਵਿਸ਼ਲੇਸ਼ਣ ਪੂਰਾ ਕਰ ਲਿਆ ਹੈ। ਇਸ ਵਿਚ ਗਹਿਣਾ ਅਤੇ ਹਵਾਈ ਖੇਤਰਾਂ ਨਾਲ ਜੁੜੇ ਮਾਮਲੇ ਸ਼ਾਮਲ ਹਨ। ਸੀ. ਵੀ. ਸੀ. (ਮੁੱਖ ਵਿਜੀਲੈਂਸ ਕਮਿਸ਼ਨ) ਨੇ ਇਨ੍ਹਾਂ ਮਾਮਲਿਆਂ ’ਤੇ ਆਪਣੀ ਰਿਪੋਰਟ ਰਿਜ਼ਰਵ ਬੈਂਕ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.), ਸੀ. ਬੀ. ਆਈ. ਅਤੇ ਹੋਰ ਏਜੰਸੀਆਂ ਨੂੰ ਵੀ ਦੇ ਦਿੱਤੀ ਹੈ। ਵਿਸ਼ਲੇਸ਼ਣ ਵਿਚ ਧੋਖਾਦੇਹੀ ਦੇ ਤੌਰ-ਤਰੀਕੇ, ਉਸ ਵਿਚ ਸ਼ਾਮਲ ਰਾਸ਼ੀ, ਕਰਜ਼ੇ ਦੀ ਕਿਸਮ (ਸਮੂਹ ਜਾਂ ਨਿੱਜੀ), ਖਾਮੀਆਂ, ਧੋਖਾਦੇਹੀ ਨੂੰ ਆਸਾਨ ਕਰਨ ਵਾਲੀਆਂ ਕਮੀਆਂ ਤੇ ਵਿਵਸਥਾ ਅਤੇ ਪ੍ਰਕਿਰਿਆਵਾਂ ਵਿਚ ਕਮੀ ਨੂੰ ਦੂਰ ਕਰਨ ਲਈ ਪ੍ਰਣਾਲੀਗਤ ਸੁਧਾਰ ’ਤੇ ਜ਼ੋਰ ਦਿੱਤਾ ਗਿਆ ਹੈ। ਰਤਨ ਤੇ ਗਹਿਣਾ, ਵਿਨਿਰਮਾਣ ਤੇ ਉਦਯੋਗ, ਖੇਤੀਬਾੜੀ, ਮੀਡੀਆ, ਹਵਾਈ, ਸੇਵਾ ਤੇ ਪ੍ਰਾਜੈਕਟ, ਸੂਚਨਾ ਤਕਨੀਕੀ, ਬਰਾਮਦ ਕਾਰੋਬਾਰ, ਮਿਆਦੀ ਜਮ੍ਹਾ, ਡਿਮਾਂਡ ਲੋਨ ਤੇ ਗਾਰੰਟੀ ਪੱਤਰ ਸਮੇਤ 13 ਵੱਖ-ਵੱਖ ਖੇਤਰਾਂ ਵਿਚ ਧੋਖਾਦੇਹੀ ਦੇ ਮਾਮਲਿਆਂ ਦਾ ਵਰਗੀਕਰਨ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਭਸੀਨ ਨੇ ਕਿਹਾ ਕਿ ਇਨ੍ਹਾਂ ਚੋਟੀ ਦੇ 100 ਧੋਖਾਦੇਹੀ ਮਾਮਲਿਆਂ ਵਿਚ ਅਪਣਾਏ ਗਏ ਤੌਰ-ਤਰੀਕਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ। ਉਨ੍ਹਾਂ ਕਿਹਾ, ‘ਵਿਵਸਥਾ ਵਿਚ ਸੁਧਾਰ ਨੂੰ ਲੈ ਕੇ ਪਾਏ ਗਏ ਸਬੂਤਾਂ ਦੇ ਆਧਾਰ ’ਤੇ ਅੰਤਿਮ ਰਿਪੋਰਟ ਵਿਚ ਉਦਯੋਗ ਕੇਂਦਰਿਤ ਸੁਝਾਅ ਦਿੱਤੇ ਗਏ ਹਨ।

ਖਾਮੀਆਂ ਨੂੰ ਦੂਰ ਕਰਨ ਦੇ ਇਰਾਦੇ ਨਾਲ ਰਿਪੋਰਟ ਵਿੱਤੀ ਸੇਵਾ ਵਿਭਾਗ ਅਤੇ ਰਿਜ਼ਰਵ ਬੈਂਕ ਨੂੰ ਭੇਜੀ ਗਈ ਹੈ।’ ਉਨ੍ਹਾਂ ਕਿਹਾ ਕਿ ਸਬੂਤਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਨਾਲ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਝਾਏ ਗਏ ਉਪਰਾਲਿਆਂ ਵਿਚ ਮਿਆਰੀ ਸੰਚਾਲਨ ਪ੍ਰਕਿਰਿਆ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਨਾਲ ਹੀ ਕੰਟਰੋਲ ਦਫਤਰਾਂ ਦੀ ਭੂਮਿਕਾ ਨੂੰ ਵੀ ਉਘੇੜਿਆ ਗਿਆ ਹੈ ਤਾਂ ਕਿ ਵਪਾਰ ਦੀ ਗੁਣਵੱਤਾ ਪਹਿਲੂਆਂ ਦਾ ਪ੍ਰੀਖਣ ਹੋ ਸਕੇ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਫਰਾਰ ਕਾਰੋਬਾਰੀ ਨੀਰਵ ਮੋਦੀ ਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸਮੇਤ ਹੋਰਨਾਂ ਨਾਲ ਜੁੜੇ ਧੋਖਾਦੇਹੀ ਦੇ ਮਾਮਲੇ ਸੁਰਖੀਆਂ ਵਿਚ ਹਨ। ਰਿਪੋਰਟ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ। ਇਸ ਵਿਚ 31 ਮਾਰਚ 2017 ਤੋਂ ਉੱਚੇ ਮੁੱਲ ਦੀ ਧੋਖਾਦੇਹੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਲੇਸ਼ਣਾਤਮਕ ਅਧਿਐਨ ਦਾ ਮਕਸਦ ਭਵਿੱਖ ਵਿਚ ਇਸ ਤਰ੍ਹਾਂ ਦੀ ਧੋਖਾਦੇਹੀ ਨੂੰ ਰੋਕਣ ਲਈ ਸੁਰੱਖਿਆ ਵਜੋਂ ਚੌਕਸੀ ਉਪਰਾਲੇ ਕਰਨਾ ਹੈ।


Related News