ਫੋਰਬਸ ਦੀ ਵਿਸ਼ਵ ਸਰਬੋਤਮ ਰੁਜ਼ਗਾਰਦਾਤਾ ਦੀ ਸੂਚੀ ’ਚ ਰਿਲਾਇੰਸ ਦੇਸ਼ ’ਚ ਪਹਿਲੇ ਸਥਾਨ ’ਤੇ
Friday, Oct 15, 2021 - 01:16 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਫੋਰਬਸ ਨੇ ਵਿਸ਼ਵ ਦੇ ਸਰਬੋਤਮ ਰੁਜ਼ਗਾਰਦਾਤਾ 2021 ਦੀ ਸਾਲਾਨਾ ਸੂਚੀ ਜਾਰੀ ਕੀਤੀ ਹੈ। ‘ਫੋਰਬਸ ਵਰਲਡ ਬੈਸਟ ਇੰਪਲਾਇਰ-2021’ ਵਿਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਦੇਸ਼ ’ਚ ਪਹਿਲਾ ਸਥਾਨ ਦਿੱਤਾ ਗਿਆ ਹੈ। ਵਿਸ਼ਵ ਪੱਧਰ ’ਤੇ ਦੁਨੀਆ ਦੀਆਂ 750 ਬਹੁਰਾਸ਼ਟਰੀ ਅਤੇ ਵੱਡੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਰਿਲਾਇੰਸ 52ਵੇਂ ਨੰਬਰ ’ਤੇ ਹੈ।
ਪਹਿਲੇ 100 ’ਚ ਸਥਾਨ ਬਣਾਉਣ ਵਾਲੀਆਂ ਹੋਰ ਭਾਰਤੀ ਕੰਪਨੀਆਂ ’ਚ ਆਈ. ਸੀ. ਆਈ. ਸੀ. ਆਈ. ਬੈਂਕ (65ਵੇਂ ਸਥਾਨ), ਐੱਚ. ਡੀ. ਐੱਫ. ਸੀ. ਬੈਂਕ (77ਵੇਂ ਸਥਾਨ) ਅਤੇ ਐੱਚ. ਸੀ. ਐੱਲ. ਤਕਨਾਲੋਜੀ 90ਵੇਂ ਸਥਾਨ ’ਤੇ ਹੈ। ਕੋਵਿਡ ਮਹਾਮਾਰੀ ਦੌਰਾਨ ਸਭ ਤੋਂ ਬੁਰੇ ਸਮੇਂ ’ਚ ਇਹ ਪ੍ਰਾਪਤੀ ਹਾਸਲ ਕਰਨਾ ਅਹਿਮ ਹੈ। ਕੋਵਿਡ ਦੇ ਸਮੇਂ ਜਦੋਂ ਹਰ ਪਾਸੇ ਕੰਮ ਠੱਪ ਪਏ ਸਨ, ਨੌਕਰੀਆਂ ਖਤਮ ਹੋ ਰਹੀਆਂ ਸਨ, ਅਜਿਹੇ ਬੁਰੇ ਦੌਰ ’ਚ ਰਿਲਾਇੰਸ ਨੇ ਇਹ ਯਕੀਨੀ ਕੀਤਾ ਕਿ ਕਿਸੇ ਵੀ ਕਰਮਚਾਰੀ ਦੀ ਤਨਖਾਹ ’ਚ ਕਟੌਤੀ ਨਾ ਕੀਤੀ ਜਾਵੇ। ਉਹ ਨੌਕਰੀ ਦੀ ਚਿੰਤਾ ਕੀਤੇ ਬਿਨਾਂ ਕੰਮ ਕਰ ਸਕਣ। ਨਾਲ ਹੀ ਉਨ੍ਹਾਂ ਦੀਆਂ ਮੈਡੀਕਲ ਲੋੜਾਂ ਅਤੇ ਉਸ ਦੇ ਪਰਿਵਾਰ ਦੇ ਟੀਕਾਕਰਨ ਦਾ ਵੀ ਪੂਰਾ ਧਿਆਨ ਰੱਖਿਆ ਗਿਆ। ਰਿਲਾਇੰਸ ਨੇ ਇਹ ਵੀ ਯਕੀਨੀ ਕੀਤਾ ਕਿ ਜੋ ਕਰਮਚਾਰੀ ਕੋਰੋਨਾ ਕਾਰਨ ਸਾਥ ਛੱਡ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਆਰਥਿਕ ਪੱਖੋਂ ਸੁਰੱਖਿਅਤ ਰਹੇ।
ਸਰਬੋਤਮ ਰੁਜ਼ਗਾਰਦਾਤਾ ਦਾ ਖਿਤਾਬ ਸੈਮਸੰਗ ਦੇ ਨਾਂ
ਦੱਖਣੀ ਕੋਰੀਆ ਦੀ ਸੈਮਸੰਗ ਨੇ ਦੁਨੀਆ ਭਰ ’ਚ ਸਰਬੋਤਮ ਰੁਜ਼ਗਾਰਦਾਤਾ ਹੋਣ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਦੂਜੇ ਤੋਂ 7ਵੇਂ ਸਥਾਨ ’ਤੇ ਅਮਰੀਕੀ ਕੰਪਨੀਆਂ ਦਾ ਕਬਜ਼ਾ ਹੈ। ਇਸ ’ਚ ਆਈ. ਬੀ. ਐੱਮ., ਮਾਈਕ੍ਰੋਸਾਫਟ, ਐਮਾਜ਼ੋਨ, ਐਪਲ, ਅਲਫਾਬੈੱਟ ਅਤੇ ਡੈੱਲ ਤਕਨਾਲੋਜੀ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਸ ਤੋਂ ਬਾਅਦ 8ਵੇਂ ਨੰਬਰ ’ਤੇ ਹੁਵਾਵੇ ਜੋ ਪਹਿਲਾਂ 10 ’ਚ ਸ਼ਾਮਲ ਇਕੱਲੀ ਚੀਨੀ ਕੰਪਨੀ ਹੈ। 9ਵੇਂ ਨੰਬਰ ’ਤੇ ਅਮਰੀਕਾ ਦੀ ਅਡੋਬੀ ਅਤੇ 10ਵੇਂ ਨੰਬਰ ’ਤੇ ਜਰਮਨੀ ਦੇ ਬੀ. ਐੱਮ. ਡਬਲਯੂ. ਗਰੁੱਪ ਦਾ ਕਬਜ਼ਾ ਹੈ। ਬਾਜ਼ਾਰ ਖੋਜ ਕੰਪਨੀ ਸਟੇਟਿਸਕਾ ਨਾਲ ਭਾਈਵਾਲੀ ਕਰ ਕੇ ਫੋਰਬਸ ਨੇ ਵਿਸ਼ਵ ਦੇ ਸਰਬੋਤਮ ਰੁਜ਼ਗਾਰਦਾਤਿਆਂ ਦੀ ਸਾਲਾਨਾ ਸੂਚੀ ਤਿਆਰ ਕੀਤੀ ਹੈ। ਰੈਂਕਿੰਗ ਨਿਰਧਾਰਤ ਕਰਨ ਲਈ ਸਟੇਟਿਸਟਾ ਨੇ ਬਹੁ ਰਾਸ਼ਟਰੀ ਕੰਪਨੀਆਂ ਅਤੇ ਸੰਸਥਾਨਾਂ ’ਚ ਕੰਮ ਕਰਨ ਵਾਲੇ 58 ਦੇਸ਼ਾਂ ਦੇ 1,50,000 ਕਰਮਚਾਰੀਆਂ ਦਾ ਸਰਵੇ ਕੀਤਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।