ਜ਼ੀ ਦੀ ਦੌੜ ''ਚ ਰਿਲਾਇੰਸ ਜੀਓ!
Monday, Jan 28, 2019 - 03:04 PM (IST)
ਮੁੰਬਈ — ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜੀਓ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ 'ਚ ਪ੍ਰਮੋਟਰ ਸੁਭਾਸ਼ ਚੰਦਰਾ ਦੀ ਅੱਧੀ ਹਿੱਸੇਦਾਰੀ ਖਰੀਦਣ ਦੀ ਦੌੜ ਵਿਚ ਸ਼ਾਮਲ ਹੋ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਿੱਸੇਦਾਰੀ ਖਰੀਦਣ ਦੀ ਦੌੜ 'ਚ ਐਮਾਜ਼ੋਨ, ਐਪਲ, ਟੇਨਸੈਂਟ ਅਤੇ ਅਲੀਬਾਬਾ ਵਰਗੀਆਂ ਅੰਤਰਰਾਸ਼ਟਰੀ ਦਿੱਗਜ਼ ਹਨ। ਇਨ੍ਹਾਂ ਤੋਂ ਇਲਾਵਾ ਏਟੀਯਐਂਡਟੀ, ਸਿੰਗਟੇਲ, ਕਾਮਕਾਸਟ ਅਤੇ ਸੋਨੀ ਪਿਚਰਜ਼ ਦੇ ਨਾਮ 'ਤੇ ਵੀ ਚਰਚਾ ਹੋ ਰਹੀ ਹੈ। ਨਵੰਬਰ 2018 ਵਿਚ ਜ਼ੀ ਐਂਟਰਟੇਨਮੈਂਟ ਦੇ ਪ੍ਰਮੋਟਰਾਂ ਨੇ ਕਿਹਾ ਸੀ ਕਿ ਉਹ ਆਪਣੀ 50 ਫੀਸਦੀ ਤੱਕ ਦੀ ਹਿੱਸੇਦਾਰੀ ਅਜਿਹੇ ਵਿਸ਼ਵਵਿਆਪੀ ਰਣਨੀਤਕ ਸਾਂਝੇਦਾਰ ਨੂੰ ਵੇਚ ਸਕਦੇ ਹਨ ਜਿਸ ਨਾਲ ਜ਼ੀ ਐਂਟਰਟੇਨਮੈਂਟ ਵਿਚ ਬਦਲਾਅ ਲਿਆਉਣ ਲਈ ਲੰਬੇ ਸਮੇਂ 'ਚ ਵਧ ਤੋਂ ਵਧ ਮੁੱਲ ਬਣਾਉਣ 'ਚ ਸਹਾਇਤਾ ਮਿਲ ਸਕੇ।
ਘਰੇਲੂ ਨਿਵੇਸ਼ਕਾਂ 'ਤੇ ਵੀ ਹੋ ਰਿਹਾ ਵਿਚਾਰ
ਪ੍ਰਮੋਟਰਾਂ ਨੇ ਹੁਣ ਘਰੇਲੂ ਨਿਵੇਸ਼ਕਾਂ ਬਾਰੇ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ੀ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਗੋਇਨਕਾ ਨੇ ਵਿਸ਼ਲੇਸ਼ਕਾਂ ਨਾਲ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਸੰਭਾਵੀਂ ਸਾਂਝੇਦਾਰ ਨਾਲ ਗੱਲਬਾਤ ਕਰ ਰਹੇ ਹਨ ਅਤੇ ਸੌਦੇ ਦਾ ਐਲਾਨ ਅਗਲੇ ਕੁਝ ਹਫਤਿਆਂ ਵਿਚ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, 'ਸਾਡੀ ਪਹਿਲੀ ਪਸੰਦ ਅੰਤਰਰਾਸ਼ਟਰੀ ਦਿੱਗਜ ਹੋ ਸਕਦੇ ਹਨ ਕਿਉਂਕਿ ਇਸ ਨਾਲ ਸਾਨੂੰ ਗਲੋਬਲ ਪੱਧਰ 'ਤੇ ਖਾਸ ਤੌਰ 'ਤੇ ਯੂਰਪ ਅਤੇ ਅਮਰੀਕਾ ਵਿਚ ਵਿਸਥਾਰ ਕਰਨ 'ਚ ਸਹਾਇਤਾ ਮਿਲੇਗੀ। ਹਾਲਾਂਕਿ ਅਸੀਂ ਘਰੇਲੂ ਨਿਵੇਸ਼ਕਾਂ ਨੂੰ ਵੀ ਹਿੱਸੇਦਾਰੀ ਵੇਚਣ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ।'
ਰਿਲਾਇੰਸ ਪ੍ਰਸਾਰਨ ਖੇਤਰ 'ਚ ਸਮਰੱਥ
ਮਾਹਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਇੰਡਸਟਰੀਜ਼ ਜ਼ੀ ਐਂਟਰਟੇਨਮੈਂਟ ਵਿਚ ਨਿਵੇਸ਼ ਕਰਕੇ ਓ.ਟੀ.ਟੀ. ਅਤੇ ਪ੍ਰਸਾਰਨ ਖੇਤਰ ਵਿਚ ਆਪਣੀ ਮੌਜੂਦਗੀ ਪੇਸ਼ ਕਰਨ 'ਚ ਸਮਰੱਥ ਹੈ। ਜ਼ੀ ਦਾ ਕੰਟੈਂਟ ਕੰਪਨੀ ਦੇ ਓ.ਟੀ.ਟੀ. ਐਪਸ ਜਿਵੇਂ ਜਿਓ.ਟੀ.ਵੀ. ਅਤੇ ਜਿਓ ਸਿਨੇਮਾ ਲਈ ਅਨੁਕੂਲ ਹੋ ਸਕਦਾ ਹੈ। ਦਿੱਲੀ ਦੀ ਸਲਾਹਕਾਰ ਫਰਮ ਕਾਲਾਗਾਟੋ ਦੀ ਰਿਪੋਰਟ ਅਨੁਸਾਰ ਸਰਗਰਮ ਯੂਜ਼ਰ ਦੀ ਹਿੱਸੇਦਾਰੀ ਦੇ ਲਿਹਾਜ਼ ਨਾਲ ਜਿਓ.ਟੀ.ਵੀ. 18 ਫੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਜਦੋਂਕਿ ਹਾਟਸਟਾਰ 40 ਫੀਸਦੀ ਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ 'ਤੇ ਹੈ। ਜ਼ੀ-5 ਦੀ ਹਿੱਸੇਦਾਰੀ 12 ਫੀਸਦੀ ਹੈ। 2018 ਵਿਚ ਨੈੱਟਵਰਕ 18 ਦੀ ਮਾਲਕੀ ਵਾਲੇ ਟੀ.ਵੀ. 18 ਨੇ ਅਮਰੀਕਾ ਦੀ ਵਾਯੋਕਾਮ ਨਾਲ ਸਾਂਝੇ ਉੱਦਮ 'ਚ ਹਿੱਸੇਦਾਰੀ ਵਧਾ ਕੇ 51 ਫੀਸਦੀ ਕਰ ਲਈ ਜਿਸ ਨਾਲ ਸੰਯੁਕਤ ਉੱਦਮ ਵਾਯੋਕਾਮ 10 ਦੇ ਓਪਰੇਸ਼ਨ ਦਾ ਕੰਟਰੋਲ ਨੈੱਟਵਰਕ 18 ਕੋਲ ਆ ਗਿਆ।
ਜ਼ੀ ਐਂਟਰਟੇਨਮੈਂਟ ਦੇ ਸ਼ੇਅਰ ਵਿਚ ਸ਼ੁੱਕਰਵਾਰ ਨੂੰ 26 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਪ੍ਰਮੋਟਰ - ਸੁਭਾਸ਼ ਚੰਦਰਾ ਅਤੇ ਉਨ੍ਹਾਂ ਪਰਿਵਾਰ ਨੂੰ ਆਪਣੀ ਹਿੱਸੇਦਾਰੀ ਦੇ ਬਦਲੇ ਘੱਟ ਭੁਗਤਾਨ ਪ੍ਰਾਪਤ ਹੋਵੇਗਾ। ਚੰਦਰਾ ਅਤੇ ਉਨ੍ਹਾਂ ਦਾ ਪਰਿਵਾਰ ਕੰਪਨੀ ਵਿਚ ਆਪਣੀ 20 ਫੀਸਦੀ ਹਿੱਸੇਦਾਰੀ ਵੇਚਣ ਦੀ ਸੰਭਾਵਨਾ ਦੀ ਭਾਲ ਕਰ ਰਿਹਾ ਹੈ। ਵਰਤਮਾਨ ਸਮੇਂ ਵਿਚ ਕੰਪਨੀ ਵਿਚ ਉਨ੍ਹਾਂ ਦੀ ਕੁੱਲ ਹਿੱਸੇਦਾਰੀ 41 ਫੀਸਦੀ ਹੈ। ਕਾਲਾਗਾਟੋ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਗਰਮ ਯੂਜ਼ਰ ਦੇ ਲਿਹਾਜ਼ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਹਿੱਸੇਦਾਰੀ 1.43 ਫੀਸਦੀ ਅਤੇ ਨੈੱਟਫਲਿੱਕਸ ਦੀ ਹਿੱਸੇਦਾਰੀ 2 ਫੀਸਦੀ ਹੈ।
