100 ਅਰਬ ਡਾਲਰ ਹੋ ਗਿਆ ਰਿਲਾਇੰਸ ਇੰਡਸਟਰੀ ਦਾ ਮਾਰਕਿਟ ਕੈਪ

07/12/2018 4:22:41 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਨੇ 11 ਸਾਲ ਬਾਅਦ ਵੀਰਵਾਰ ਨੂੰ ਮਾਰਕਿਟ ਕੈਪੀਟਲਾਈਜ਼ੇਸ਼ਨ (ਬਾਜ਼ਾਰ ਪੂੰਜੀਕਰਨ) ਦੇ ਮਾਮਲੇ 'ਚ ਦੁਬਾਰਾ 100 ਅਰਬ ਡਾਲਰ (ਕਰੀਬ 68 ਖਰਬ ਰੁਪਏ ) ਦਾ ਅੰਕੜਾ ਛੂਹ ਲਿਆ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) 'ਤੇ ਕੰਪਨੀ ਦੇ ਸ਼ੇਅਰ 17 ਫੀਸਦੀ ਮਜ਼ਬੂਤ ਹੋ ਗਏ ਅਤੇ ਪ੍ਰਤੀ ਸ਼ੇਅਰ ਕੀਮਤ 1,090 ਰੁਪਏ ਸਰਵਉੱਚ ਪੱਧਰ 'ਤੇ ਪਹੁੰਚ ਗਈ। 11:55 ਵਜੇ ਆਰ.ਆਈ.ਐੱਲ. ਦੇ ਸ਼ੇਅਰਾਂ ਦੀ ਕੀਮਤ 1085.25 ਰੁਪਏ ਸੀ। ਇਸ ਹਿਸਾਬ ਨਾਲ ਉਸ ਦਾ ਮਾਰਕਿਟ ਕੈਪ 99.92 ਅਰਬ ਡਾਲਰ ਹੋ ਗਿਆ।
ਤੇਲ, ਗੈਸ ਤੋਂ ਲੈ ਕੇ ਟੈਲੀਕਾਮ ਤੱਕ ਦੇ ਵੱਖ-ਵੱਖ ਖੇਤਰਾਂ 'ਚ ਦਮਦਾਰ ਮੌਜੂਦਗੀ ਦਰਜ ਕਰਵਾਉਣ ਵਾਲੀ ਕੰਪਨੀ ਦਾ ਇਸ ਤੋਂ ਪਹਿਲਾਂ ਅਕਤੂਬਰ 2007 'ਚ 100 ਅਰਬ ਡਾਲਰ ਦਾ ਅੰਕੜਾ ਹੋਇਆ ਸੀ ਜਦੋਂ ਡਾਲਰ ਦੇ ਮੁਕਾਬਲੇ ਰੁਪਿਆ 39.95 ਦੇ ਪੱਧਰ 'ਤੇ ਸੀ। ਇਸ ਲਿਹਾਜ਼ ਨਾਲ ਕੰਪਨੀ ਦਾ ਮਾਰਕਿਟ ਕੈਪ 4.11 ਲੱਖ ਕਰੋੜ ਰੁਪਏ ਹੋ ਗਿਆ ਸੀ।
ਹਾਲਾਂਕਿ ਕਈ ਬਰੋਕਰੇਜ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਲੈ ਕੇ ਹਾਂ-ਪੱਖੀ ਨਜ਼ਰੀਆ ਨਹੀਂ ਰੱਖਦੀਆਂ ਹਨ। ਜੇਫਰੀਜ਼ ਨੇ ਤਾਂ ਆਰ.ਆਈ.ਐੱਲ. ਦੇ ਸ਼ੇਅਰਾਂ ਦੀ ਰੇਟਿੰਗ 'ਹੋਲਡ' ਤੋਂ ਸੁੱਟ ਕੇ 'ਅੰਡਰਪਰਫਾਰਮਰ' ਕਰਦੇ ਹੋਏ ਪ੍ਰਤੀ ਸ਼ੇਅਰ 790 ਰੁਪਏ ਦੀ ਟਾਰਗੇਟ ਪ੍ਰਾਈਸ ਰੱਖ ਦਿੱਤੀ। ਉੱਧਰ ਕੋਟਕ ਸਕਿਓਰਟੀਜ਼ ਨੇ ਵੀ ਸਟਾਕ ਦੀ ਟਾਰਗੇਟ ਪ੍ਰਾਈਸ ਘਟਾ ਕੇ 930 ਰੁਪਏ ਕਰ ਦਿੱਤੀ। ਹਾਲਾਂਕਿ ਸੀ.ਐੱਲ.ਐੱਸ.ਏ. ਨੇ ਇਸ ਨੂੰ 'ਬਾਏ' ਰੇਟਿੰਗ ਦਿੰਦੇ ਹੋਏ 916.45 ਰੁਪਏ ਦੀ ਟਾਰਗੇਟ ਪ੍ਰਾਈਸ ਦੀ ਹੈ।


Related News