ਰਿਲਾਇੰਸ ਅਤੇ ਡਿਜ਼ਨੀ ਮਰਜਰ ਹੋਇਆ ਪੂਰਾ, ਦੇਸ਼ ਦੀ ਸਭ ਤੋਂ ਵੱਡੀ ਮੀਡੀਆ ਕੰਪਨੀ ਦੀ ਚੇਅਰਪਰਸਨ ਹੋਵੇਗੀ ਨੀਤਾ ਅੰਬਾਨੀ
Friday, Nov 15, 2024 - 05:50 AM (IST)
ਨਵੀਂ ਦਿੱਲੀ, (ਭਾਸ਼ਾ)- ਰਿਲਾਇੰਸ ਅਤੇ ਡਿਜ਼ਨੀ ਨੇ ਅੱਜ ਰਲੇਵਾਂ (ਮਰਜਰ) ਪੂਰਾ ਹੋਣ ਦਾ ਐਲਾਨ ਕੀਤਾ। ਮਰਜਰ ਤੋਂ ਬਾਅਦ ਹੋਂਦ ’ਚ ਆਈ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਮੀਡੀਆ ਕੰਪਨੀ ਹੈ। ਦੋਵਾਂ ਕੰਪਨੀਆਂ ਦੇ ਜੁਆਇੰਟ ਵੈਂਚਰ ਦੀ ਵੈਲਿਊ 70,352 ਕਰੋਡ਼ ਰੁਪਏ ਹੈ।
ਰਿਲਾਇੰਸ ਨੇ ਇਸ ਜੁਆਇੰਟ ਵੈਂਚਰ ’ਚ 11,500 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਨੀਤਾ ਅੰਬਾਨੀ ਇਸ ਮੀਡੀਆ ਕੰਪਨੀ ਦੀ ਚੇਅਰਪਰਸਨ ਹੋਵੇਗੀ। ਇਸ ਰਲੇਵੇਂ ਤੋਂ ਬਾਅਦ ਡਿਜ਼ਨੀ ਅਤੇ ਰਿਲਾਇੰਸ ਕੋਲ 100 ਤੋਂ ਜ਼ਿਆਦਾ ਟੀ. ਵੀ. ਚੈਨਲ ਅਤੇ 2 ਸਟਰੀਮਿੰਗ ਐਪਸ ਹੋਣਗੇ, ਜੋ ਸੋਨੀ, ਨੈੱਟਫਲਿੱਕਸ ਅਤੇ ਐਮਾਜ਼ੋਨ ਪ੍ਰਾਈਮ ਵਰਗੇ ਵੱਡੇ ਪਲੇਟਫਾਰਮਜ਼ ਨਾਲ ਮੁਕਾਬਲਾ ਕਰਨਗੇ।
ਸਾਲ 2024 ਦੇ ਸ਼ੁਰੂ ’ਚ ਇਸ ਰਲੇਵੇਂ ਸੌਦੇ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਇਸ ਸੌਦੇ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ ਜਾਂਚ ਦਾ ਸਾਹਮਣਾ ਕਰਨਾ ਪਿਆ। ਸੌਦੇ ਦੀ ਮੂਲ ਲੈਣ-ਦੇਣ ਸੰਰਚਨਾ ’ਚ ਕੁੱਝ ਸੋਧਾਂ ਦਾ ਪ੍ਰਸਤਾਵ ਦੇਣ ਤੋਂ ਬਾਅਦ ਪਿਛਲੇ ਮਹੀਨੇ ਸੀ. ਸੀ. ਆਈ. ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।
ਰਿਲਾਇੰਸ ਇੰਡਸਟਰੀਜ਼ ਕੋਲ ਸਾਂਝੇ ਉਦਮ ’ਚ 16.34 ਫੀਸਦੀ ਹਿੱਸੇਦਾਰੀ ਹੈ, ਜਦੋਂਕਿ ਇਸ ਦੀ ਸਹਿਯੋਗੀ ਦੀ ਸਹਿਯੋਗੀ ਕੰਪਨੀ ਵਾਇਕਾਮ 18 ਕੋਲ 46.82 ਫੀਸਦੀ ਅਤੇ ਡਿਜ਼ਨੀ ਕੋਲ ਬਾਕੀ 36.84 ਫੀਸਦੀ ਹਿੱਸੇਦਾਰੀ ਹੈ।
ਕੀ ਕਹਿਣੈ ਮੁਕੇਸ਼ ਅੰਬਾਨੀ ਦਾ
ਇਸ ਸੌਦੇ ’ਤੇ ਆਰ. ਆਈ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ,“ਇਸ ਸਾਂਝੇ ਉਦਮ ਦੇ ਗਠਨ ਨਾਲ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਇਕ ਤਬਦੀਲੀਯੋਗ ਯੁੱਗ ’ਚ ਪ੍ਰਵੇਸ਼ ਕਰ ਰਿਹਾ ਹੈ।” ਉਨ੍ਹਾਂ ਕਿਹਾ,“ਸਾਡੀ ਡੂੰਘੀ ਰਚਨਾਤਮਕ ਮੁਹਾਰਤ ਅਤੇ ਡਿਜ਼ਨੀ ਨਾਲ ਸਬੰਧ ਅਤੇ ਭਾਰਤੀ ਯੂਜ਼ਰਜ਼ ਦੀ ਸਾਡੀ ਬੇਜੋੜ ਸਮਝ ਭਾਰਤੀ ਦਰਸ਼ਕਾਂ ਲਈ ਕਿਫਾਇਤੀ ਕੀਮਤ ’ਤੇ ਬੇਜੋੜ ਉਪਕਰਣ ਬਦਲ ਯਕੀਨੀ ਕਰੇਗੀ। ਮੈਂ ਸਾਂਝੇ ਉਦਮ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਇਸ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।”