ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਮਹਿੰਗਾਈ ਦੇ ਨਜ਼ਰੀਏ ਤੋਂ ਸਕਾਰਾਤਮਕ : ਦਾਸ
Thursday, Nov 11, 2021 - 10:49 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਕਰਨ ਦਾ ਕੇਂਦਰ ਸਰਕਾਰ ਦਾ ਫੈਸਲਾ ਮਹਿੰਗਾਈ ਦੇ ਨਜ਼ਰੀਏ ਤੋਂ ਬੇਹੱਦ ਸਕਾਰਾਤਮਕ ਕਦਮ ਹੈ। ਦਾਸ ਨੇ ਕਿਹਾ ਕਿ ਖੁਰਾਕ ਮਹਿੰਗਾਈ ਹੁਣ ਕੰਟਰੋਲ ’ਚ ਆ ਚੁੱਕੀ ਹੈ ਪਰ ਮੁੱਖ ਮਹਿੰਗਾਈ ਹਾਲੇ ਉੱਚੇ ਪੱਧਰ ’ਤੇ ਬਣੀ ਹੋਈ ਹੈ।
ਦਾਸ ਨੇ ਕਿਹਾ ਕਿ ਭਾਰਤ ’ਚ ਮਹਿੰਗਾਈ ਮੁੱਖ ਤੌਰ ’ਤੇ ਸਪਲਾਈ ਪੱਖ ਨਾਲ ਜੁੜੇ ਕਾਰਕਾਂ ਕਾਰਨ ਹੈ ਅਤੇ ਸਰਕਾਰ ਨੇ ਇਸ ਨੂੰ ਕਾਬੂ ’ਚ ਕਰਨ ਲਈ ਕਦਮ ਚੁੱਕੇ ਹਨ। ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਕਿ ਸਪਲਾਈ ਪੱਖ ਨਾਲ ਜੁੜੇ ਕਾਰਕਾਂ ਖਾਸ ਕਰ ਕੇ ਦਾਲਾਂ ਅਤੇ ਖਾਣ ਵਾਲੇ ਤੇਲਾਂ ’ਤੇ ਸਰਕਾਰ ਨੇ ਧਿਆਨ ਦਿੱਤਾ ਹੈ ਅਤੇ ਹਾਲ ਹੀ ’ਚ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵੀ ਘੱਟ ਕੀਤੀ ਗਈ ਹੈ। ਮਹਿੰਗਾਈ ਦੇ ਲਿਹਾਜ ਨਾਲ ਇਹ ਸਾਰੇ ਚੰਗੇ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਮੋਟੇ ਤੌਰ ’ਤੇ ਖੁਰਾਕ ਮਹਿੰਗਾਈ ਹੁਣ ਕੰਟਰੋਲ ’ਚ ਦਿਖਾਈ ਦੇ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਮੁੱਖ ਮਹਿੰਗਾਈ ਉੱਚ ਪੱਧਰ ’ਤੇ ਬਣੀ ਹੋਈ ਹੈ ਅਤੇ ਇਹ ਇਕ ਨੀਤੀਗਤ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੁੱਖ ਮਹਿੰਗਾਈ ਦੀ ਪ੍ਰਗਤੀ ’ਤੇ ਬੇਹੱਦ ਕਰੀਬੀ ਨਜ਼ਰ ਰੱਖੇ ਹੋਏ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਈਂਧਨ ਮਹਿੰਗਾਈ ਵੀ ਹਾਲੇ ਉੱਚ ਪੱਧਰ ’ਤੇ ਹੈ, ਜਿਸ ’ਤੇ ਆਰ. ਬੀ. ਆਈ. ਦੀ ਨਿਗਰਾਨੀ ਬਣੀ ਹੋਈ ਹੈ।