ਭਾਰਤੀ ਕੰਪਨੀਆਂ ਦੀਆਂ ਨਿਯੁਕਤੀ ਸਰਗਰਮੀਆਂ ਅਗਲੇ ਤਿੰਨ ਮਹੀਨੇ ਤੇਜ਼ ਰਹਿਣਗੀਆਂ : ਰਿਪੋਰਟ
Tuesday, Mar 22, 2022 - 06:32 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ 38 ਫੀਸਦੀ ਕੰਪਨੀਆਂ ਅਗਲੇ ਤਿੰਨ ਮਹੀਨਿਆਂ ’ਚ ਹੋਰ ਭਰਤੀ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਸ ਤਰ੍ਹਾਂ ਅਪ੍ਰੈਲ-ਜੂਨ ਤਿਮਾਹੀ ਦੌਰਾਨ ਮਾਲਕਾਂ ਵਲੋਂ ਨਿਯੁਕਤੀ ਸਰਗਰਮੀਆਂ ਤੇਜ਼ ਰਹਿਣ ਦਾ ਅਨੁਮਾਨ ਹੈ। ਮੈਨ ਪਾਵਰ ਗਰੁੱਪ ਰੁਜ਼ਗਾਰ ਦ੍ਰਿਸ਼ ਸਰਵੇਖਣ ਦੇ 60ਵੇਂ ਸਾਲਾਨਾ ਐਡੀਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ’ਚ 3,090 ਮਾਲਕਾਂ ਦੀ ਰਾਏ ਜਾਣੀ ਗਈ।
ਰਿਪੋਰਟ ਮੁਤਾਬਕ ਵੱਖ-ਵੱਖ ਖੇਤਰਾਂ ’ਚ ਨਿਯੁਕਤੀ ਸਰਗਰਮੀਆਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕਿਤੇ ਵੱਧ ਮਜ਼ਬੂਤ ਹਨ। ਹਾਲਾਂਕਿ ਤਿਮਾਹੀ ਦੇ ਆਧਾਰ ’ਤੇ ਦੇਖਿਆ ਜਾਏ ਤਾਂ ਅਨੁਮਾਨ ਹੈ ਕਿ ਜਨਵਰੀ-ਮਾਰਚ ਤਿਮਾਹੀ ਦੇ ਮੁਕਾਬਲੇ ਸ਼ੁੱਧ ਰੁਜ਼ਗਾਰ ਦ੍ਰਿਸ਼ ’ਚ 11 ਫੀਸਦੀ ਦੀ ਕਮੀ ਆ ਸਕਦੀ ਹੈ। ਅਪ੍ਰੈਲ-ਜੂਨ ਤਿਮਾਹੀ ਲਈ 55 ਫੀਸਦੀ ਮਾਲਕਾਂ ਦਾ ਅਨੁਮਾਨ ਹੈ ਕਿ ਪੇਰੋਲ ਵਧੇਗਾ, 17 ਫੀਸਦੀ ਨੇ ਕਿਹਾ ਕਿ ਇਸ ’ਚ ਕਮੀ ਆਵੇਗੀ ਜਦ ਕਿ 36 ਫੀਸਦੀ ਦਾ ਅਨੁਮਾਨ ਹੈ ਕਿ ਇਸ ’ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਤਰ੍ਹਾਂ ਸ਼ੁੱਧ ਰੁਜ਼ਗਾਰ ਦ੍ਰਿਸ਼ 38 ਫੀਸਦੀ ਹੈ।
ਮੈਨਪਾਵਰ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੰਦੀਪ ਗੁਲਾਟੀ ਨੇ ਕਿਹਾ ਕਿ ਦੇਸ਼ ਮਹਾਮਾਰੀ ਦੇ ਅਸਰ ਤੋਂ ਬਾਹਰ ਆ ਰਿਹਾ ਹੈ ਪਰ ਕੌਮਾਂਤਰੀ ਭੂ-ਸਿਆਸੀ ਅਸਥਿਰਤਾ ਅਤੇ ਵਧਦੀ ਮਹਿੰਗਾਈ ਵਰਗੀਆਂ ਨਵੀਆਂ ਚੁਣੌਤੀਆਂ ਸਾਹਮਣੇ ਹਨ। ਇਸ ਦਰਮਿਆਨ ਭਾਰਤ ਸੂਚਨਾ ਤਕਨਾਲੋਜੀ ਅਤੇ ਤਕਨਾਲੋਜੀ ਸੰਸਥਾਨਾਂ ਦੇ ਮੁੱਖ ਸ੍ਰੋਤ ਵਜੋਂ ਅੱਗੇ ਵਧਦਾ ਰਹੇਗਾ। ਗੁਲਾਟੀ ਨੇ ਕਿਹਾ ਕਿ ਵਰਕਫੋਰਸ ’ਚ ਔਰਤਾਂ ਦੀ ਅਗਵਾਈ ਹਾਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਵੇਖਣ ਮੁਤਾਬਕ ਆਈ. ਟੀ. ਅਤੇ ਤਕਨਾਲੋਜੀ ਭੂਮਿਕਾਵਾਂ ਲਈ ਦ੍ਰਿਸ਼ ਸਭ ਤੋਂ ਮਜ਼ਬੂਤ 51 ਫੀਸਦੀ ਹੈ, ਇਸ ਤੋਂ ਬਾਅਦ ਰੈਸਟੋਰੈਂਟ ਅਤੇ ਹੋਟਲ ਲਈ 38 ਫੀਸਦੀ, ਸਿੱਖਿਆ, ਸਿਹਤ, ਸਮਾਜਿਕ ਕੰਮ ਅਤੇ ਸਰਕਾਰੀ ਨਿਯੁਕਤੀ ਸਬੰਧੀ ਦ੍ਰਿਸ਼ 37 ਫੀਸਦੀ ਹੈ।