ਹੁਣ ਰੀਅਲ ਅਸਟੇਟ ''ਚ ਵੱਡੇ ਧਮਾਕੇ ਦੀ ਤਿਆਰੀ ''ਚ ਮੁਕੇਸ਼ ਅੰਬਾਨੀ
Monday, Apr 08, 2019 - 09:00 PM (IST)

ਨਵੀਂ ਦਿੱਲੀ-ਦੁਨੀਆ ਦੇ 13ਵੇਂ ਸਭ ਤੋਂ ਰਹੀਸ ਵਿਅਕਤੀ ਮੁਕੇਸ਼ ਅੰਬਾਨੀ ਜਿਓ ਜ਼ਰੀਏ ਭਾਰਤ 'ਚ ਦੂਰਸੰਚਾਰ ਖੇਤਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੋਂ ਬਾਅਦ ਹੁਣ ਰੀਅਲ ਅਸਟੇਟ 'ਚ ਵੀ ਕੁਝ ਅਜਿਹਾ ਹੀ ਧਮਾਕਾ ਕਰਨ ਜਾ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਮੁੰਬਈ ਨਜ਼ਦੀਕ ਇਕ ਵਿਸ਼ਵ ਪੱਧਰੀ ਮੈਗਾ ਸਿਟੀ ਤਿਆਰ ਕਰਨ ਦਾ ਬਲੂਪ੍ਰਿੰਟ ਲਗਭਗ ਤਿਆਰ ਕਰ ਲਿਆ ਹੈ। ਇਕ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਮੈਗਾ ਸਿਟੀ ਕਿੰਨੀ ਵੱਡੀ ਹੋਵੇਗੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਰਿਲਾਇੰਸ ਗਰੁੱਪ ਦਾ ਇਕ ਮਾਤਰ ਸਭ ਤੋਂ ਵੱਡਾ ਪ੍ਰਾਜੈਕਟ ਹੋਣ ਜਾ ਰਿਹਾ ਹੈ, ਜਿਸ ਦਾ ਹਰ ਹਿੱਸਾ ਖੁਦ 'ਚ ਇਕ ਪ੍ਰਾਜੈਕਟ ਹੋਵੇਗਾ। ਪਤਾ ਲੱਗਾ ਹੈ ਕਿ ਇਸ ਪ੍ਰਾਜੈਕਟ ਦਾ ਸੁਪਨਾ ਰਿਲਾਇੰਸ ਸਮੂਹ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਨੇ ਵੇਖਿਆ ਸੀ।
ਇਹ ਪ੍ਰਾਜੈਕਟ ਸਿੰਗਾਪੁਰ ਦੀ ਤਰਜ਼ 'ਤੇ ਡਿਵੈਲਪ ਹੋਵੇਗਾ। ਇਸ 'ਚ ਏਅਰਪੋਰਟ, ਪੋਰਟ ਤੇ ਸੀ-ਲਿੰਕ ਕੁਨੈਕਟੀਵਿਟੀ ਵੀ ਹੋਣਗੇ। ਇਸ 'ਚ 5 ਲੱਖ ਤੋਂ ਜ਼ਿਆਦਾ ਲੋਕ ਰਹਿ ਸਕਣਗੇ। ਇਹੀ ਨਹੀਂ ਇਸ ਸ਼ਹਿਰ 'ਚ ਹਜ਼ਾਰਾਂ ਕੰਪਨੀਆਂ ਵੀ ਹੋਣਗੀਆਂ। ਇਸ ਪ੍ਰਾਜੈਕਟ ਦੀ ਡਿਵੈਲਪਮੈਂਟ 'ਚ ਇਕ ਦਹਾਕੇ 'ਚ ਲਗਭਗ 75 ਅਰਬ ਡਾਲਰ ਦੀ ਲਾਗਤ ਆ ਸਕਦੀ ਹੈ।
ਰੀਅਲ ਅਸਟੇਟ ਦੀ ਬਦਲੇਗੀ ਤਸਵੀਰ
ਅੰਬਾਨੀ ਆਪਣੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਬੇਹੱਦ ਵਿਆਪਕ ਪੱਧਰ 'ਤੇ ਲਾਂਚ ਕਰ ਸਕਦੇ ਹਨ, ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਹੋਵੇਗਾ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੀਅਲ ਅਸਟੇਟ ਦੇ ਖੇਤਰ 'ਤੇ ਇਸ ਪ੍ਰਾਜੈਕਟ ਦਾ ਉਹੀ ਅਸਰ ਹੋ ਸਕਦਾ ਹੈ ਜਿਸ ਤਰ੍ਹਾਂ ਦੂਰਸੰਚਾਰ ਖੇਤਰ 'ਤੇ ਜਿਓ ਦੀ ਵਜ੍ਹਾ ਨਾਲ ਹੋਇਆ। ਕੁਲ ਮਿਲਾ ਕੇ ਰਿਲਾਇੰਸ ਦਾ ਇਹ ਪ੍ਰਾਜੈਕਟ ਭਾਰਤ 'ਚ ਨਵੀਂ ਇਬਾਰਤ ਲਿਖ ਸਕਦਾ ਹੈ ਕਿਉਂਕਿ ਕੁਲ ਸ਼ਹਿਰੀ ਬੁਨਿਆਦੀ ਢਾਂਚੇ ਦੀ ਜੋ ਤਸਵੀਰ ਹੈ, ਉਸ ਨੂੰ ਇਹ ਪੂਰੀ ਤਰ੍ਹਾਂ ਬਦਲ ਸਕਦਾ ਹੈ।