ਬੈਨ ਤੋਂ ਬਾਅਦ RBI ਨੇ ਇਸ ਬੈਂਕ ਦੇ ਬੋਰਡ ਨੂੰ ਵੀ ਕੀਤਾ ਭੰਗ
Saturday, Feb 15, 2025 - 12:44 AM (IST)
![ਬੈਨ ਤੋਂ ਬਾਅਦ RBI ਨੇ ਇਸ ਬੈਂਕ ਦੇ ਬੋਰਡ ਨੂੰ ਵੀ ਕੀਤਾ ਭੰਗ](https://static.jagbani.com/multimedia/2025_2image_00_44_011926932rbi.jpg)
ਮੁੰਬਈ, (ਭਾਸ਼ਾ)- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਲਿਮਟਿਡ ’ਤੇ ਬੈਨ ਲਾਉਣ ਤੋਂ ਬਾਅਦ ਬੈਂਕ ਦੇ ਨਿਰਦੇਸ਼ਕ ਬੋਰਡ ਨੂੰ 12 ਮਹੀਨਿਆਂ ਲਈ ਭੰਗ ਕਰ ਦਿੱਤਾ ਹੈ। ਆਰ. ਬੀ. ਆਈ. ਨੇ ਐੱਸ. ਬੀ. ਆਈ. ਦੇ ਸਾਬਕਾ ਚੀਫ ਜਨਰਲ ਮੈਨੇਜਰ ਸ਼੍ਰੀਕਾਂਤ ਨੂੰ ਇਸ ਮਿਆਦ ਦੌਰਾਨ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਪ੍ਰਸ਼ਾਸਕ ਨੂੰ ਸਹਿਯੋਗ ਕਰਨ ਲਈ ਸਲਾਹਕਾਰਾਂ ਦੀ ਇਕ ਕਮੇਟੀ ਵੀ ਬਣਾਈ ਹੈ। ਸਲਾਹਕਾਰਾਂ ਦੀ ਕਮੇਟੀ ’ਚ ਜੋ ਮੈਂਬਰ ਹਨ, ਉਨ੍ਹਾਂ ’ਚ ਐੱਸ. ਬੀ. ਆਈ. ਦੇ ਸਾਬਕਾ ਜਨਰਲ ਮੈਨੇਜਰ ਰਵਿੰਦਰ ਸਪਰਾ ਅਤੇ ਅਭਿਜੀਤ ਦੇਸ਼ਮੁਖ (ਸੀ. ਏ.) ਸ਼ਾਮਲ ਹਨ। ਅੱਜ ਸਵੇਰੇ ਇਸ ਬੈਂਕ ਦੇ ਬਾਹਰ ਗਾਹਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਆਰ. ਬੀ. ਆਈ. ਨੇ ਬੈਂਕ ’ਤੇ ਲਾਈਆਂ ਹਨ ਪਾਬੰਦੀਆਂ
ਆਰ. ਬੀ. ਆਈ. ਨੇ ਵੀਰਵਾਰ ਨੂੰ ਮੁੰਬਈ ਸਥਿਤ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਗਾਹਕ ਆਪਣੇ ਖਾਤੇ ’ਚੋਂ ਪੈਸੇ ਨਹੀਂ ਕੱਢ ਸਕਦੇ ਹਨ। ਰਿਜ਼ਰਵ ਬੈਂਕ ਨੇ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੀ ਮੌਜੂਦਾ ਨਕਦੀ ਦੀ ਸਥਿਤੀ ਨੂੰ ਵੇਖਦੇ ਹੋਏ ਗਾਹਕਾਂ ਵੱਲੋਂ ਕਿਸੇ ਵੀ ਰਾਸ਼ੀ ਦੀ ਨਿਕਾਸੀ ’ਤੇ ਵੀ ਰੋਕ ਲਾ ਦਿੱਤੀ ਹੈ, ਭਾਵੇਂ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਖਾਤਾ ਹੋਵੇ। ਚਿੰਤਾ ਦੀ ਗੱਲ ਇਹ ਹੈ ਕਿ ਆਰ. ਬੀ. ਆਈ. ਨੇ ਬੈਂਕ ’ਤੇ ਅਗਲੇ 6 ਮਹੀਨਿਆਂ ਲਈ ਬੈਨ ਲਾਇਆ ਹੈ ਅਤੇ ਫਿਲਹਾਲ ਇਸ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ।
ਅਜੇ ਨਹੀਂ ਨਿਕਲੇਗਾ ਖਾਤੇ ’ਚੋਂ ਪੈਸਾ
ਆਰ. ਬੀ. ਆਈ. ਦੇ ਹੁਕਮਾਂ ਅਨੁਸਾਰ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਅੱਜ ਭਾਵ 14 ਫਰਵਰੀ ਤੋਂ ਬਿਨਾਂ ਪ੍ਰੀ-ਅਪਰੂਵਲ ਦੇ ਕੋਈ ਵੀ ਲੋਨ ਜਾਂ ਐਡਵਾਂਸ ਨਹੀਂ ਦੇਵੇਗਾ। ਨਾ ਹੀ ਇਹ ਬੈਂਕ ਕਿਸੇ ਗਾਹਕ ਦਾ ਡਿਪਾਜ਼ਿਟ ਸਵੀਕਾਰ ਕਰੇਗਾ ਅਤੇ ਨਹੀਂ ਹੀ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਕੱਢ ਕੇ ਦੇਵੇਗਾ।
ਗਾਹਕਾਂ ਨੂੰ ਦੱਸਣਯੋਗ ਹੈ ਕਿ ਉਨ੍ਹਾਂ ਦੀ ਜਮ੍ਹਾ ਰਾਸ਼ੀ ’ਚੋਂ 5 ਲੱਖ ਰੁਪਏ ਤੱਕ ਦੀ ਰਕਮ ਦੀ ਇੰਸ਼ੋਰੈਂਸ ਹੁੰਦੀ ਹੈ। ਅਜਿਹੇ ’ਚ ਨਿਊ ਇੰਡੀਆ ਕੋ-ਆਪ੍ਰੇਟਿਵ ਬੈਂਕ ਦੇ ਸਾਰੇ ਯੋਗ ਜਮ੍ਹਾਕਰਤਾ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤੋਂ 5 ਲੱਖ ਰੁਪਏ ਤੱਕ ਦੇ ਆਪਣੀ ਜਮ੍ਹਾ ਰਾਸ਼ੀ ’ਤੇ ਡਿਪਾਜ਼ਿਟ ਇੰਸ਼ੋਰੈਂਸ ਦਾਅਵਾ ਰਾਸ਼ੀ ਹਾਸਲ ਕਰਨ ਦੇ ਹੱਕਦਾਰ ਹੋਣਗੇ।