1960 ਕਰੋੜ ਰੁਪਏ ਦਾ ਘਪਲਾ, ਜਾਂਚ ਦੇ ਘੇਰੇ ’ਚ ਇਹ ਬੈਂਕ

Thursday, Dec 25, 2025 - 05:30 AM (IST)

1960 ਕਰੋੜ ਰੁਪਏ ਦਾ ਘਪਲਾ, ਜਾਂਚ ਦੇ ਘੇਰੇ ’ਚ ਇਹ ਬੈਂਕ

ਨਵੀਂ ਦਿੱਲੀ  - ਇੰਡਸਇੰਡ ਬੈਂਕ ਦੀਆਂ ਮੁਸ਼ਕਿਲਾਂ ਹੁਣ ਵਧ ਸਕਦੀਆਂ ਹਨ। ਸਫੈਦਪੋਸ਼ ਅਪਰਾਧਾਂ ਦੀ ਜਾਂਚ ਕਰਨ ਵਾਲੀ ਏਜੰਸੀ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ (ਐੱਸ. ਐੱਫ. ਆਈ. ਓ.)  ਨੇ ਇੰਡਸਇੰਡ ਬੈਂਕ  ਦੇ ਡੈਰੀਵੇਟਿਵ ਸੌਦਿਆਂ ’ਚ ਅਕਾਊਂਟਿੰਗ ਸਬੰਧੀ ਘਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਸ ਨਾਲ ਬੈਂਕ ਨੂੰ 1960 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। 

ਬੈਂਕ ਨੇ  ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ, ‘‘ਬੈਂਕ ਨੂੰ ਐੱਸ. ਐੱਫ. ਆਈ. ਓ.  ਕੋਲੋਂ 23 ਦਸੰਬਰ 2025 ਨੂੰ ਇਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ’ਚ ਕੰਪਨੀਜ਼ ਐਕਟ,  2013 ਦੀ ਧਾਰਾ 212  ਤਹਿਤ ਇੰਡਸਇੰਡ ਬੈਂਕ ਲਿਮਟਿਡ  ਦੇ ਮਾਮਲਿਆਂ ਦੀ ਜਾਂਚ  ਦੇ ਸਬੰਧ ’ਚ ਸਬੰਧਤ ਜਾਣਕਾਰੀ ਮੰਗੀ ਗਈ ਹੈ।’’  

ਬੈਂਕ ਨੇ 18 ਦਸੰਬਰ ਨੂੰ ਕਿਹਾ ਸੀ ਕਿ ਕਮਰਸ਼ੀਅਲ ਬੈਂਕਾਂ  (ਖੇਤਰੀ ਗ੍ਰਾਮੀਣ ਬੈਂਕਾਂ ਸਮੇਤ)  ਅਤੇ ਆਲ ਇੰਡੀਆ ਵਿੱਤੀ ਸੰਸਥਾਵਾਂ ’ਚ ਧੋਖਾਦੇਹੀ ਜੋਖਮ ਪ੍ਰਬੰਧਨ ’ਤੇ ਆਰ. ਬੀ. ਆਈ.  ਦੇ 15 ਜੁਲਾਈ,  2024  ਦੇ ਮਾਸਟਰ ਦਿਸ਼ਾ-ਨਿਰਦੇਸ਼ਾਂ ’ਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਆਰ. ਬੀ. ਆਈ. ਨੂੰ ਰਿਪੋਰਟ ਕੀਤੀ ਗਈ 1 ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਰਾਸ਼ੀ ਨਾਲ ਸਬੰਧਤ ਕਿਸੇ ਵੀ ਧੋਖਾਦੇਹੀ  ਦੀ ਰਿਪੋਰਟ ਕਾਰਪੋਰੇਟ ਮਾਮਲਿਆਂ  ਦੇ ਮੰਤਰਾਲਾ ਤਹਿਤ ਐੱਸ. ਐੱਫ. ਆਈ. ਓ. ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। 

ਇਸ ਅਨੁਸਾਰ ਬੈਂਕ ਨੇ ਕਿਹਾ ਕਿ ਅੰਦਰੂਨੀ ਡੈਰੀਵੇਟਿਵ ਕਾਰੋਬਾਰ ਦੇ ਮੁੱਲਾਂਕਣ, ਬੈਂਕ ਦੀਆਂ ‘ਹੋਰ ਜਾਇਦਾਦਾਂ’ ਅਤੇ ‘ਹੋਰ ਦੇਣਦਾਰੀਆਂ’ ਖਾਤਿਆਂ ’ਚ ਕੁਝ ਗੈਰ-ਪ੍ਰਮਾਣਿਤ ਬਕਾਇਆ ਰਾਸ਼ੀਆਂ ਅਤੇ ਛੋਟੀ ਰਾਸ਼ੀ ਦੇ ਕਰਜ਼ਿਆਂ (ਮਾਈਕ੍ਰੋਫਾਈਨਾਂਸ) ’ਤੇ ਵਿਆਜ ਆਮਦਨ/ਫੀਸ ਆਮਦਨ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟ 2 ਜੂਨ, 2025 ਨੂੰ ਐੱਸ. ਐੱਫ. ਆਈ. ਓ. ਨੂੰ ਦਿੱਤੀ ਗਈ ਸੀ।

ਬਾਹਰੀ ਆਡਿਟਰ ਨੇ ਅਪ੍ਰੈਲ ’ਚ ਡੈਰੀਵੇਟਿਵਜ਼ ਪੋਰਟਫੋਲੀਓ (ਵਾਅਦਾ ਅਤੇ ਵਿਕਲਪ ਕਾਰੋਬਾਰ) ’ਚ ਮੁੱਲਾਂਕਣ ਸਬੰਧੀ ਤਰੁੱਟੀਆਂ ਕਾਰਨ 31 ਮਾਰਚ, 2025 ਤੱਕ ਲਾਭ ਅਤੇ ਨੁਕਸਾਨ ’ਤੇ ਸੰਚਿਤ ਉਲਟ ਮੁੱਲਾਂਕਣ ਪ੍ਰਭਾਵ 1,959.98 ਕਰੋੜ ਰੁਪਏ ਦੱਸਿਆ ਸੀ। ਇੰਡਸਇੰਡ ਬੈਂਕ ਨੇ 15 ਅਪ੍ਰੈਲ ਨੂੰ ਇਕ ਹੋਰ ਬਾਹਰੀ ਏਜੰਸੀ ਦੀ ਰਿਪੋਰਟ ਦਾ ਖੁਲਾਸਾ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਡੈਰੀਵੇਟਿਵਜ਼ ਕਾਰੋਬਾਰ ’ਚ ਮੁੱਲਾਂਕਣ ਦੀਆਂ ਤਰੁੱਟੀਆਂ ਕਾਰਨ ਇਸ ਦੀ ਕੁੱਲ ਜਾਇਦਾਦ ’ਤੇ 1979 ਕਰੋੜ ਤੱਕ ਦਾ ਨਾਂਹ-ਪੱਖੀ ਅਸਰ ਪਵੇਗਾ।

ਬੈਂਕ ਨੇ ਡੈਰੀਵੇਟਿਵ ਸੌਦਿਆਂ ਨਾਲ ਸਬੰਧਤ ਤਰੁੱਟੀਆਂ ਦੇ ਕਾਰਨ ਦਸੰਬਰ, 2024 ਤੱਕ ਆਪਣੀ ਸ਼ੁੱਧ ਜਾਇਦਾਦ ’ਤੇ (ਟੈਕਸ ਤੋਂ ਬਾਅਦ ਆਧਾਰ ’ਤੇ) 2.27 ਫ਼ੀਸਦੀ ਦਾ ਉਲਟ ਅਸਰ ਮਾਪਿਆ ਹੈ। ਨਿੱਜੀ ਖੇਤਰ ਦੇ ਬੈਂਕ ਨੇ ਪਿਛਲੇ ਮਹੀਨੇ ਡੈਰੀਵੇਟਿਵ ਸੌਦਿਆਂ ’ਚ ਮੁਲਾਂਕਣ ਸਬੰਧੀ ਖਾਮੀਆਂ ਦੀ ਸੂਚਨਾ ਦਿੱਤੀ। ਇਸ ਦਾ ਅੰਦਾਜ਼ਾ ਹੈ ਕਿ ਦਸੰਬਰ, 2024 ਤੱਕ ਬੈਂਕ ਦੀ ਕੁੱਲ ਜਾਇਦਾਦ ’ਤੇ ਲੱਗਭਗ 2.35 ਫ਼ੀਸਦੀ ਦਾ ਉਲਟ ਅਸਰ ਪਵੇਗਾ। 


author

Inder Prajapati

Content Editor

Related News