ਮਹਿੰਗਾਈ 'ਤੇ ਕਾਬੂ ਪਾਉਣ ਲਈ ਲਗਾਤਾਰ ਚੌਥੀ ਵਾਰ ਵਿਆਜ ਦਰਾਂ 'ਚ ਵਾਧਾ ਕਰੇਗਾ RBI: ਮਾਹਰ
Sunday, Sep 25, 2022 - 06:22 PM (IST)
ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਮੁਦਰਾਸਫੀਤੀ ਤੋਂ ਨਿਪਟਣ ਲਈ ਅਮਰੀਕਾ ਦੇ ਫੈਡਰਲ ਰਿਜ਼ਰਵ ਸਮੇਤ ਹੋਰ ਸੰਸਾਰਿਕ ਕੇਂਦਰੀ ਬੈਂਕਾ ਦਾ ਅਨੁਸਰਣ ਕਰਦੇ ਹੋਏ ਸ਼ੁੱਕਰਵਾਰ ਨੂੰ ਲਗਾਤਾਰ ਚੌਥੀ ਵਾਰ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ। ਆਰ.ਬੀ.ਆਈ. ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਰੈਪੋ ਦਰ 'ਚ ਮਈ ਤੋਂ ਹੁਣ ਤੱਕ 1.40 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦੌਰਾਨ ਰੈਪੋ ਦਰ ਚਾਰ ਫੀਸਦੀ ਤੋਂ ਵਧ ਕੇ 5.40 ਫੀਸਦੀ ਪਹੁੰਚ ਚੁੱਕੀ ਹੈ।
ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) 30 ਸਤੰਬਰ ਨੂੰ ਰੈਪੋ ਦਰ 'ਚ 0.50 ਫੀਸਦੀ ਦੇ ਵਾਧੇ ਦਾ ਫ਼ੈਸਲਾ ਕਰ ਸਕਦੀ ਹੈ। ਅਜਿਹਾ ਹੋਣ 'ਤੇ ਰੈਪੋ ਦਰ ਵਧ ਕੇ 5.90 ਫੀਸਦੀ ਹੋ ਜਾਵੇਗੀ। ਰੈਪੋ ਦਰ 'ਚ ਮਈ 'ਚ 0.40 ਫੀਸਦੀ ਦਾ ਵਾਧਾ ਕੀਤਾ ਗਿਆ ਸੀ ਅਤੇ ਜੂਨ ਅਤੇ ਅਗਸਤ 'ਚ ਇਹ 0.50-0.50 ਫੀਸਦੀ ਵਧਾਈ ਗਈ। ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਖੁਦਰਾ ਮੁਦਰਾਸਫੀਤੀ 'ਚ ਮਈ ਤੋਂ ਨਰਮੀ ਆਉਣ ਲੱਗੀ ਸੀ ਪਰ ਇਹ ਅਗਸਤ 'ਚ ਸੱਤ ਫੀਸਦੀ ਦੇ ਪੱਧਰ 'ਤੇ ਪਹੁੰਚ ਗਈ। ਆਰ.ਬੀ.ਆਈ. ਆਪਣੀ ਦੋ-ਸਾਲਾਂ ਮੌਦਰਿਕ ਨੀਤੀ ਬਣਾਉਂਦੇ ਸਮੇਂ ਖੁਦਰਾ ਮਹਿੰਗਾਈ 'ਤੇ ਗੌਰ ਕਰਦਾ ਹੈ।
ਆਰ.ਬੀ.ਆਈ ਦੇ ਗਰਵਨਰ ਦੀ ਪ੍ਰਧਾਨਤਾ ਵਾਲੀ ਮੌਦਰਿਕ ਨੀਤੀ ਕਮੇਟੀ ਦੀ ਤਿੰਨ ਦਿਨ ਦੀ ਮੀਟਿੰਗ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਦਰਾਂ 'ਚ ਬਦਲਾਅ 'ਤੇ ਜੋ ਵੀ ਫੈ਼ਸਲਾ ਹੋਵੇਗਾ ਉਸ ਦੀ ਜਾਣਕਾਰੀ ਸ਼ੁੱਕਰਵਾਰ 30 ਸਤੰਬਰ ਨੂੰ ਦਿੱਤੀ ਜਾਵੇਗੀ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਮੁਦਰਾਸਫੀਤੀ ਸੱਤ ਫੀਸਦੀ ਦੇ ਲਗਭਗ ਬਣੀ ਰਹਿਣ ਵਾਲੀ ਹੈ ਅਤੇ ਅਜਿਹੇ 'ਚ ਦਰਾਂ 'ਚ ਵਾਧਾ ਹੋਣਾ ਤੈਅ ਹੈ। ਰੈਪੋ ਦਰ 'ਚ 0.25 ਤੋਂ 0.35 ਫੀਸਦੀ ਦੇ ਵਾਧੇ ਦਾ ਮਤਲਬ ਹੈ ਕਿ ਆਰ.ਬੀ.ਆਈ. ਨੂੰ ਇਹ ਭਰੋਸਾ ਹੈ ਕਿ ਮੁਦਰਾਸਫੀਤੀ ਦਾ ਸਭ ਤੋਂ ਖਰਾਬ ਦੌਰ ਬੀਤ ਚੁੱਕਾ ਹੈ। ਉਧਰ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਹਾਲ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਦਰਾਂ 'ਚ 0.50 ਫੀਸਦੀ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ।