RBI ਵਲੋਂ ਰੁਪਏ ਨੂੰ ਸੰਭਾਲਣ ਦੀ ਯੋਜਨਾ ਨੂੰ ਲੱਗਾ ਝਟਕਾ, NRIs ਨਹੀਂ ਦਿਖਾ ਰਹੇ ਉਤਸ਼ਾਹ
Friday, Jul 29, 2022 - 12:52 PM (IST)
ਜਲੰਧਰ (ਵਿਸ਼ੇਸ਼) – ਡਾਲਰ ਦੇ ਮੁਕਾਬਲੇ ਲਗਾਤਾਰ ਡਿਗ ਰਹੇ ਰੁੁਪਏ ਨੂੰ ਸੰਭਾਲਣ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵਲੋਂ ਬੈਂਕਾਂ ਨੂੰ ਐੱਨ. ਆਰ. ਆਈ. ਡਿਪਾਜ਼ਿਟ ’ਤੇ ਜ਼ਿਆਦਾ ਵਿਆਜ ਦੇਣ ਦੀ ਇਜਾਜ਼ਤ ਦੇ ਬਾਵਜੂਦ ਯੋਜਨਾ ਦੇ ਪਹਿਲੇ 2 ਹਫਤਿਆਂ ’ਚ ਐੱਨ. ਆਰ. ਆਈ. ਨੇ ਭਾਰਤੀ ਬੈਂਕਾਂ ’ਚ ਡਿਪਾਜ਼ਿਟ ਵਧਾਉਣ ’ਚ ਜ਼ਿਆਦਾ ਰੁਚੀ ਨਹੀਂ ਦਿਖਾਈ ਹੈ। ਆਰ. ਬੀ. ਆਈ. ਨੇ 6 ਜੁਲਾਈ ਨੂੰ ਡਿਗ ਰਹੇ ਰੁਪਏ ਨੂੰ ਥੰਮਣ ਲਈ 5 ਵੱਡੇ ਕਦਮਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ’ਚੋਂ ਇਕ ਕਦਮ ਬੈਂਕਾਂ ’ਚ ਐੱਨ. ਆਰ. ਆਈ. ਦਾ ਡਿਪਾਜ਼ਿਟ ਵਧਾਉਣ ਦਾ ਸੀ। ਇਸ ਦੇ ਤਹਿਤ ਵਿਦੇਸ਼ੀ ਮੁਦਰਾ ਗੈਰ-ਨਿਵਾਸੀ ਜਮ੍ਹਾ (ਐੱਫ. ਸੀ. ਐੱਨ. ਆਰ.) ਵਿਚ ਵਿਆਜ ਦਰਾਂ ’ਚ ਵਾਧਾ ਕਰਨ ਦੀ ਛੋਟ ਦਿੱਤੀ ਗਈ ਸੀ। ਆਰ. ਬੀ. ਆਈ. ਵਲੋਂ ਦਿੱਤੀ ਗਈ ਇਸ ਛੋਟ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਨੇ ਐੱਨ. ਆਰ. ਆਈ. ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾ ਕੇ 2.85 ਤੋਂ ਲੈ ਕੇ 3.25 ਫੀਸਦੀ ਕਰ ਦਿੱਤੀਆਂ ਸਨ ਜਦ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੇ 12 ਤੋਂ 24 ਮਹੀਨਿਆਂ ਦੇ ਸਾਢੇ 3 ਲੱਖ ਡਾਲਰ ਤੋਂ ਉੱਪਰ ਦੇ ਡਿਪਾਜ਼ਿਟ ’ਤੇ ਵਿਆਜ ਦਰਾਂ ’ਚ 0.15 ਆਧਾਰ ਅੰਕ ਦਾ ਵਾਧਾ ਕਰ ਕੇ ਇਸ ਨੂੰ 3.50 ਫੀਸਦੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਬੈਂਕਾਂ ਦੇ ਸਵਾਲਾਂ ਦੇ ਘੇਰੇ ’ਚ ਆਏ ਵਿਦੇਸ਼ਾਂ ’ਚ ਫੰਡ ਟ੍ਰਾਂਸਫਰ ਕਰਨ ਵਾਲੇ NRIs
ਦਰਅਸਲ ਦੁਨੀਆ ਭਰ ’ਚ ਕੇਂਦਰੀ ਬੈਂਕਾਂ ਵਲੋਂ ਵਧਾਈਆਂ ਜਾ ਰਹੀਆਂ ਵਿਆਜ ਦਰਾਂ ਕਾਰਨ ਵਿਦੇਸ਼ਾਂ ’ਚ ਸਰਕਾਰੀ ਅਤੇ ਗੈਰ-ਸਰਕਾਰੀ ਬਾਂਡਸ ’ਚ ਪੈਸਾ ਲਗਾਉਣਾ ਫਾਇਦੇ ਦਾ ਸੌਦਾ ਹੋ ਗਿਆ ਹੈ। ਲਿਹਾਜਾ ਹਾਈਨੈੱਟਵਰਥ ਇੰਡੀਵਿਜ਼ੁਅਲ (ਐੱਚ. ਐੱਨ. ਆਈ.) ਨਿਵੇਸ਼ਕ ਭਾਰਤੀ ਬੈਂਕਾਂ ’ਚ ਪੈਸਾ ਲਗਾਉਣ ਦੀ ਥਾਂ ਵਿਦੇਸ਼ੀ ਬਾਂਡਸ ’ਚ ਪੈਸਾ ਲਗਾ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਬੈਂਕਾਂ ਵਲੋਂ ਡਿਪਾਜ਼ਿਟ ’ਤੇ ਵਧਾਏ ਗਏ ਮਾਮੂਲੀ 25 ਆਧਾਰ ਅੰਕ ਦੀ ਵਿਆਜ ਦਰ ਆਕਰਸ਼ਕ ਨਹੀਂ ਲੱਗ ਰਹੀ।
ਇਸ ਦਰਮਿਆਨ ਬੈਂਕ ਵੀ ਇਸ ਯੋਜਨਾ ਨੂੰ ਜ਼ਿਆਦਾ ਪ੍ਰੋਤਸਾਹਨ ਦੇਣ ਪ੍ਰਤੀ ਰੁਚੀ ਨਹੀਂ ਦਿਖਾ ਰਹੇ। ਬੈਂਕ ਰੁਪਏ ਦੇ ਰੂਪ ’ਚ ਹੋਣ ਵਾਲੇ ਡਿਪਾਜ਼ਿਟ ’ਤੇ 6 ਫੀਸਦੀ ਔਸਤਨ ਵਿਆਜ ਦਿੰਦੇ ਹਨ, ਜਦ ਕਿ ਐੱਫ. ਸੀ. ਐੱਨ. ਆਰ. ਡਿਪਾਜ਼ਿਟ ’ਤੇ ਇਹ ਵਿਆਜ ਸਾਰੇ ਖਰਚੇ ਮਿਲਾ ਕੇ 7 ਤੋਂ ਪੌਣੇ 8 ਫੀਸਦੀ ਬਣਦਾ ਹੈ। ਲਿਹਾਜਾ ਬੈਂਕਾਂ ਨੂੰ ਵੀ ਇਸ ਦੇ ਪ੍ਰੋਤਸਾਹਨ ’ਚ ਰੁਚੀ ਨਹੀਂ ਹੈ। ਇਕ ਵੱਡੇ ਬੈਂਕ ਦੇ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਆਰ. ਬੀ. ਆਈ. ਵਲੋਂ ਐੱਨ. ਆਰ. ਆਈ. ਖਾਤਿਆਂ ’ਚ ਡਿਪਾਜ਼ਿਟ ਵਧਾਉਣ ਦੇ ਮਕਸਦ ਨਾਲ ਵਧਾਈਆਂ ਗਈਆਂ ਵਿਆਜ ਦਰਾਂ ਦਾ ਕੋਈ ਖਾਸ ਫਾਇਦਾ ਨਜ਼ਰ ਨਹੀਂ ਆ ਰਿਹਾ ਅਤੇ ਐੱਨ. ਆਰ. ਆਈ. ਇਸ ’ਚ ਰੁਚੀ ਨਹੀਂ ਦਿਖਾ ਰਹੇ ਜਦ ਕਿ 2013 ’ਚ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਅਜਿਹੀ ਯੋਜਨਾ ਨੂੰ ਕਾਫੀ ਪ੍ਰੋਤਸਾਹਨ ਮਿਲਿਆ ਸੀ।
ਇਹ ਵੀ ਪੜ੍ਹੋ : Tesla ਦੇ ਸਮਰਥਨ ਚ ਆਈ Audi, ਭਾਰਤ ਸਰਕਾਰ ਨੂੰ ਕੀਤੀ ਇਹ ਮੰਗ
2013 ਦੀ ਯੋਜਨਾ ’ਚ ਐੱਨ. ਆਰ. ਆਈਜ਼ ਨੇ ਜਮ੍ਹਾ ਕੀਤੇ ਸਨ 34 ਅਰਬ ਡਾਲਰ
2013 ’ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 68 ਰੁਪਏ ਪ੍ਰਤੀ ਡਾਲਰ ਤੱਕ ਡਿਗ ਗਈ ਸੀ ਅਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 274.8 ਅਰਬ ਡਾਲਰ ਰਹਿ ਗਿਆ ਸੀ। ਸਰਕਾਰ ਨੇ ਇਸ ਨੂੰ ਸੰਭਾਲਣ ਲਈ ਐੱਨ. ਆਰ. ਆਈ. ਡਿਪਾਜ਼ਿਟ ’ਤੇ ਆਕਰਸ਼ਕ ਆਫਰ ਦਿੱਤੇ ਸਨ ਅਤੇ ਉਸ ਸਮੇਂ ਆਰ. ਬੀ. ਆਈ. ਨੇ ਐੱਫ. ਸੀ. ਐੱਨ. ਆਰ. ਡਿਪਾਜ਼ਿਟ ’ਤੇ 3 ਸਾਲ ਲਈ ਸਵੈਪਿੰਗ ਵਿੰਡੋ ਰਾਹੀਂ ਸਬਸੀਡਾਈਜ਼ ਰੇਟ ਮੁਹੱਈਆ ਕਰਵਾ ਕੇ ਐੱਨ. ਆਰ. ਆਈ. ਡਿਪਾਜ਼ਿਟ ’ਤੇ ਆਕਰਸ਼ਕ ਯੋਜਨਾ ਲਾਗੂ ਕੀਤੀ ਸੀ। ਉਸ ਦੌਰਾਨ ਐੱਨ. ਆਰ. ਆਈ. ਖਾਤਾਧਾਰਕਾਂ ਨੇ ਭਾਰਤੀ ਬੈਂਕਾਂ ’ਚ 34 ਅਰਬ ਡਾਲਰ ਜਮ੍ਹਾ ਕਰਵਾਏ ਸਨ।
ਇਸ ਯੋਜਨਾ ਦੇ ਤਹਿਤ ਆਰ. ਬੀ. ਆਈ. ਨੇ ਬੈਂਕਾਂ ਨੂੰ ਵੀ ਅਗਲੇ ਤਿੰਨ ਸਾਲ ਲਈ ਆਪਣੇ ਫਾਰਵਰਡ ਕਾਂਟ੍ਰੈਕਟ ਦੀ ਹੈਜਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਕਿ ਬੈਂਕਾਂ ’ਚ ਐੱਨ. ਆਰ. ਆਈ. ਵਲੋਂ ਜਮ੍ਹਾ ਕੀਤੇ ਜਾ ਰਹੇ ਡਾਲਰ ਦੀ ਕੀਮਤ ਤੋਂ ਇਲਾਵਾ ਉਨ੍ਹਾਂ ਕੋਲ ਮੌਜੂਦ ਡਾਲਰ ਦੀ ਕੀਮਤ ’ਚ ਉਤਰਾਅ-ਚੜ੍ਹਾਅ ਨਾਲ ਉਨ੍ਹਾਂ ਨੂੰ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਤਿੰਨ ਗੁਣਾ ਕਮਾਇਆ ਮੁਨਾਫ਼ਾ , ਭਾਰੀ ਕੀਮਤ ਲੈ ਕੇ ਵੇਚਿਆ 80 ਕਰੋੜ 'ਚ ਖਰੀਦਿਆ ਘਰ
ਅਪ੍ਰੈਲ-ਮਈ ਮਹੀਨੇ ’ਚ ਐੱਨ. ਆਰ. ਆਈ. ਡਿਪਾਜ਼ਿਟ ’ਚ ਮਾਮੂਲੀ ਵਾਧਾ
ਆਰ. ਬੀ. ਆਈ. ਦੇ ਤਾਜ਼ਾ ਅੰਕੜਿਆਂ ਮੁਤਾਬਕ ਐੱਨ. ਆਰ. ਆਈ. ਡਿਪਾਜ਼ਿਟ ’ਚ ਅਪ੍ਰੈਲ-ਮਈ ਮਹੀਨੇ ’ਚ 422 ਮਿਲੀਅਨ ਡਾਲਰ ਦਾ ਮਾਮੂਲੀ ਵਾਧਾ ਹੋਇਆ ਹੈ ਜਦ ਕਿ ਪਿਛਲੇ ਸਾਲ ਇਸ ਮਿਆਦ ’ਚ 2.43 ਅਰਬ ਡਾਲਰ ਦਾ ਡਿਪਾਜ਼ਿਟ ਆਇਆ ਸੀ। ਪਿਛਲੇ ਸਾਲ ਮਈ ਮਹੀਨੇ ’ਚ ਭਾਰਤ ’ਚ ਐੱਨ. ਆਰ. ਆਈ. ਡਿਪਾਜ਼ਿਟ 144.3 ਅਰਬ ਡਾਲਰ ਸੀ ਜੋ ਇਸ ਸਾਲ ਮਈ ’ਚ ਘੱਟ ਹੋ ਕੇ 137 ਅਰਬ ਡਾਲਰ ਰਹਿ ਗਿਆ ਹੈ। ਇ ਸਾਲ ਮਾਰਚ ਮਹੀਨੇ ’ਚ ਵਿਦੇਸ਼ੀ ਮੁਦਰਾ ਜਮ੍ਹਾ 15.91 ਅਰਬ ਡਾਲਰ ਰਹੀ ਸੀ ਜਦ ਕਿ ਇਸੇ ਮਿਆਦ ’ਚ ਵਿਦੇਸ਼ੀ ਮੁਦਰਾ ਜਮ੍ਹਾ 19.87 ਅਰਬ ਡਾਲਰ ਸੀ।
ਇਹ ਵੀ ਪੜ੍ਹੋ : ਗੂਗਲ ਦੇ ਕੋ-ਫਾਊਂਡਰ ਦੀ ਪਤਨੀ ਦੇ ਨਾਲ ਮੇਰਾ ਕੋਈ ਚੱਕਰ ਨਹੀਂ : ਮਸਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।