RBI ਦੀ ਬੈਠਕ ਦੋ ਦਸੰਬਰ ਨੂੰ ਹੋਵੇਗੀ ਸ਼ੁਰੂ, EMI 'ਤੇ ਹੋ ਸਕਦਾ ਹੈ ਇਹ ਅਸਰ

Tuesday, Dec 01, 2020 - 08:47 PM (IST)

ਮੁੰਬਈ— ਭਾਰਤੀ ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਬੈਠਕ ਦੋ ਦਸੰਬਰ ਨੂੰ ਸ਼ੁਰੂ ਹੋਵੇਗੀ। ਦੋ ਦਿਨਾਂ ਤੱਕ ਚੱਲਣ ਵਾਲੀ ਇਸ ਬੈਠਕ 'ਚ ਜੋ ਵੀ ਫ਼ੈਸਲੇ ਲਏ ਜਾਣਗੇ ਉਸ ਦਾ ਨਤੀਜਾ ਸ਼ੁੱਕਰਵਾਰ ਨੂੰ ਜਾਰੀ ਹੋਵੇਗਾ। ਹਾਲਾਂਕਿ ਇਸ ਵਾਰ ਵੀ ਵਿਆਜ ਦਰਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਗਾਈ ਵਧਣ ਦੀ ਵਜ੍ਹਾ ਨਾਲ ਵਿਆਜ ਦਰਾਂ 'ਚ ਇਕ ਵਾਰ ਫਿਰ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਦਾ ਅਰਥ ਹੈ ਕਿ ਈ. ਐੱਮ. ਆਈ. 'ਚ ਹੋਰ ਕਮੀ ਨਹੀਂ ਹੋਵੇਗੀ। ਉਂਝ ਆਰ. ਬੀ. ਆਈ. ਕੋਰੋਨਾ ਦੌਰਾਨ ਰੇਪੋ ਦਰ 'ਚ 1.15 ਫ਼ੀਸਦੀ ਦੀ ਕਟੌਤੀ ਕਰ ਚੁੱਕਾ ਹੈ।

22 ਮਈ ਤੋਂ ਬਾਅਦ ਪ੍ਰਮੁੱਖ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਰੇਪੋ ਦਰ 4 ਫ਼ੀਸਦੀ ਤੇ ਰਿਵਰਸ ਰੇਪੋ 3.35 ਫ਼ੀਸਦੀ 'ਤੇ ਬਰਕਰਾਰ ਹੈ।

ਰਿਜ਼ਰਵ ਬੈਂਕ ਦੀ ਨਵੀਂ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਇਹ ਦੂਜੀ ਬੈਠਕ ਹੋਵੇਗੀ। ਨਵੀਂ ਐੱਮ. ਪੀ. ਸੀ. ਅਕਤਬੂਰ 'ਚ ਬਣੀ ਸੀ। ਕੋਟਕ ਮਹਿੰਦਰਾ ਬੈਂਕ ਗਰੁੱਪ ਦੀ ਮੁੱਖੀ ਸ਼ਾਂਤੀ ਏਕੰਬਰਮ (ਕੰਜ਼ਿਊਮਰ ਬੈਂਕਿੰਗ) ਨੇ ਕਿਹਾ ਕਿ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ 4 ਫ਼ੀਸਦੀ ਟੀਚੇ ਤੋਂ ਉਪਰ ਬਣੀ ਹੋਈ ਹੈ, ਅਜਿਹੇ 'ਚ ਅਗਾਮੀ ਬੈਠਕ 'ਚ ਦਰਾਂ 'ਚ ਕਟੌਤੀ ਦੀ ਗੁੰਜਾਇਸ਼ ਸੀਮਤ ਹੈ। ਇਸੇ ਤਰ੍ਹਾਂ ਕ੍ਰਿਸਿਲ ਦੇ ਮੁੱਖ ਅਰਥਸ਼ਾਸਤਰੀ ਧਰਮਕੀਰਤੀ ਜੋਸ਼ੀ ਦਾ ਵੀ ਮੰਨਣਾ ਹੈ ਕਿ ਰਿਜ਼ਰਵ ਬੈਂਕ ਨੀਤੀਗਤ ਦਰਾਂ ਨੂੰ ਸਥਿਰ ਰੱਖੇਗਾ।


Sanjeev

Content Editor

Related News