ਸਾਲ 2022 ਦੇ ਸ਼ੁਰੂ 'ਚ ਨੀਤੀਗਤ ਦਰਾਂ 'ਚ ਵਾਧਾ ਕਰ ਸਕਦਾ ਹੈ ਆਰ. ਬੀ. ਆਈ.

08/14/2021 12:07:10 PM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ ਉੱਚੀ ਮਹਿੰਗਾਈ ਦਰ ਨੂੰ ਲੈ ਕੇ ਵਿਆਜ ਦਰਾਂ ਵਿਚ ਸੰਜਮ ਦੀ ਸਥਿਤੀ ਜਲਦ ਸਮਾਪਤ ਹੋ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਰ. ਬੀ. ਆਈ. 2022 ਦੀ ਪਹਿਲੀ ਛਿਮਾਹੀ ਵਿਚ ਵਿਆਜ ਦਰਾਂ ਵਧਾਉਣਾ ਸ਼ੁਰੂ ਕਰ ਸਕਦਾ ਹੈ, ਨਾਲ ਹੀ ਨਰਮ ਰੁਖ਼ ਨੂੰ ਵੀ ਵਾਪਸ ਲੈਣਾ ਸ਼ੁਰੂ ਕਰੇਗਾ। ਰਿਜ਼ਰਵ ਬੈਂਕ ਦੇ ਨਰਮ ਰੁਖ਼ ਕਾਰਨ ਤਰਲਤਾ ਦੀ ਸਥਿਤੀ ਅਜੇ ਵੀ ਨਿਰਵਿਘਨ ਹੈ।

ਵਿਸ਼ਲੇਸ਼ਕਾਂ ਨੇ ਇਹ ਰਾਇ ਉਸ ਸਮੇਂ ਜਤਾਈ ਹੈ, ਜਦੋਂ ਜੁਲਾਈ ਵਿਚ ਮਹਿੰਗਾਈ ਦਰ ਘੱਟ ਕੇ 5.6 ਫੀਸਦੀ 'ਤੇ ਆ ਗਈ ਹੈ। ਦੋ ਮਹੀਨੇ ਪਹਿਲਾਂ ਇਹ ਰਿਜ਼ਰਵ ਬੈਂਕ ਦੇ 6 ਫ਼ੀਸਦੀ ਦੇ ਸੰਤੋਸ਼ਜਨਕ ਪੱਧਰ ਨੂੰ ਪਾਰ ਕਰ ਗਈ ਸੀ। ਫਿਲਹਾਲ ਹੁਣ ਤੱਕ ਵਿਆਜ ਦਰਾਂ ਜਿਓਂ ਦੀਆਂ ਤਿਓਂ ਹਨ।

ਇਕਨੋਮੀ ਨੂੰ ਰਫ਼ਤਾਰ ਦੇਣ ਲਈ ਰਿਜ਼ਰਵ ਬੈਂਕ ਨੇ ਹੁਣ ਤੱਕ ਨਰਮ ਰੁਖ਼ ਨੂੰ ਕਾਇਮ ਰੱਖਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੌਜੂਦਾ ਹਾਲਾਤ ਨਰਮ ਰੁਖ਼ ਨੂੰ ਵਾਪਸ ਲੈਣ ਦੇ ਪੱਖ ਵਿਚ ਨਹੀਂ ਹਨ। ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਮਹਿੰਗਾਈ 'ਤੇ ਸੰਜਮ ਰੱਖਿਆ ਹੈ ਅਤੇ ਨਾਲ ਹੀ ਆਪਣਾ ਨਰਮ ਰੁਖ਼ ਕਾਇਮ ਰੱਖਿਆ ਹੈ ਪਰ ਮਹਿੰਗਾਈ ਉੱਚ ਪੱਧਰ 'ਤੇ ਬਣੀ ਹੋਈ ਹੈ, ਜੋ ਇਹ ਦਰਸਾਉਂਦੀ ਹੈ ਕਿ ਕੇਂਦਰੀ ਬੈਂਕ ਦਾ ਸੰਜਮ ਖ਼ਤਮ ਹੋਣ ਵਾਲਾ ਹੈ। ਕ੍ਰਿਸਿਲ ਦੇ ਹਮਰੁਤਬਾ ਐਕਿਊਟ ਦਾ ਅਨੁਮਾਨ ਹੈ ਕਿ ਨੀਤੀ ਹੌਲੀ-ਹੌਲੀ ਸਧਾਰਨ ਹੋ ਜਾਵੇਗੀ । ਕੇਂਦਰੀ ਬੈਂਕ ਰਿਵਰਸ ਰੇਪੋ ਰੇਟ ਵਿਚ 0.40 ਫ਼ੀਸਦੀ ਦਾ ਵਾਧਾ ਕਰ ਸਕਦਾ ਹੈ, ਤਾਂ ਜੋ ਫਰਵਰੀ 2022 ਤੱਕ ਰੇਪੋ ਰੇਟ ਨਾਲ ਇਸ ਦਾ ਪਾੜਾ ਘੱਟ ਕੇ 0.25 ਫ਼ੀਸਦੀ ਰਹਿ ਜਾਵੇ।


Sanjeev

Content Editor

Related News