RBI ਨੇ ਦਿੱਤੀ ਚਿਤਾਵਨੀ, ਜਲਦਬਾਜ਼ੀ ’ਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨਾਲ ਫਾਇਦੇ ਦੀ ਥਾਂ ’ਤੇ ਹੋਵੇਗਾ ਨੁਕਸਾਨ

Saturday, Aug 20, 2022 - 10:39 AM (IST)

RBI ਨੇ ਦਿੱਤੀ ਚਿਤਾਵਨੀ, ਜਲਦਬਾਜ਼ੀ ’ਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨਾਲ ਫਾਇਦੇ ਦੀ ਥਾਂ ’ਤੇ ਹੋਵੇਗਾ ਨੁਕਸਾਨ

ਨਵੀਂ ਦਿੱਲੀ (ਏਜੰਸੀ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਬੁਲੇਟਿਨ ’ਚ ਛਪੇ ਪੇਪਰ ’ਚ ਕਿਹਾ ਗਿਆ ਹੈ ਕਿ ਜਲਦਬਾਜ਼ੀ ’ਚ ਵੱਡੇ ਪੈਮਾਨੇ ’ਤੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨਾ ਠੀਕ ਨਹੀਂ ਹੋਵੇਗਾ। ਇਸ ਨਾਲ ਫਾਇਦੇ ਦੀ ਥਾਂ ਨੁਕਸਾਨ ਵਧੇਰੇ ਹੋਵੇਗਾ। 18 ਅਗਸਤ ਨੂੰ ਜਾਰੀ ਇਸ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਜੇ ਦੇਸ਼ ਦੇ ਵੱਧ ਤੋਂ ਵੱਧ ਲੋਕਾਂ ਤੱਕ ਵਿੱਤੀ ਸੇਵਾਵਾਂ ਪਹੁੰਚਾਉਣ ਦੇ ਟੀਚੇ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਸਾਡੇ ਸਰਕਾਰੀ ਬੈਂਕਾਂ ਨੇ ਪ੍ਰਾਈਵੇਟ ਬੈਂਕਾਂ ਤੋਂ ਕਿਤੇ ਬਿਹਤਰ ਕੰਮ ਕੀਤਾ ਹੈ।

ਇਕ ਰਿਪੋਰਟ ਮੁਤਾਬਕ ਬੁਲੇਟਿਨ ’ਚ ਛਪੇ ਇਕ ਪੇਪਰ ’ਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਫਾਇਦੇ ਅਤੇ ਨੁਕਸਾਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪੇਪਰ ’ਚ ਦੱਸਿਆ ਗਿਆ ਹੈ ਕਿ ਭਾਰਤ ਵਰਗੀ ਵਿਕਾਸਸ਼ੀਲ ਅਰਥਵਿਵਸਥਾ ਨੂੰ ਬੈਂਕਾਂ ਦੇ ਨਿੱਜੀਕਰਨ ਨਾਲ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੇਪਰ ’ਚ ਕਿਹਾ ਗਿਆ ਹੈ ਕਿ ਜਨਤਕ ਖੇਤਰਾਂ ਦੇ ਬੈਂਕਾਂ ਨੇ ਨਿੱਜੀ ਬੈਂਕਾਂ ਦੇ ਮੁਕਾਬਲੇ ਬਿਹਤਰ ਵਿੱਤੀ ਸ਼ਮੂਲੀਅਤ, ਬਿਹਤਰ ਕਰਜ਼ਾ ਪ੍ਰਣਾਲੀ ਅਤੇ ਬਿਹਤਰ ਕੁਸ਼ਤਲਾ ਦਾ ਪ੍ਰਦਰਸ਼ਨ ਕੀਤਾ ਹੈ।

ਨਿੱਜੀ ਬੈਂਕ ਗ੍ਰਾਮੀਣ ਖੇਤਰ ’ਚ ਅਸਫਲ

ਪੇਪਰ ’ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਬੈਂਕ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ’ਚ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦੇਣ ’ਚ ਹੁਣ ਤੱਕ ਅਸਫਲ ਰਹੇ ਹਨ। ਇਨ੍ਹਾਂ ਖੇਤਰਾਂ ਦੇ ਲੋਕ ਬੈਂਕਿੰਗ ਲਈ ਜਨਤਕ ਖੇਤਰ ਦੇ ਬੈਂਕਾਂ ’ਤੇ ਹੀ ਨਿਰਭਰ ਹੈ। ਇੰਨਾ ਹੀ ਨਹੀਂ ਸਰਕਾਰੀ ਬੈਂਕਾਂ ਨੇ ਆਰਥਿਕ ਦਬਾਅ ਦਰਮਿਆਨ ਮਾਨੇਟਰੀ ਪਾਲਿਸੀ ਨੂੰ ਸਫਲ ਬਣਾਉਣ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਆਰ. ਬੀ. ਆਈ. ਦੇ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦਾ ਸਰਕਾਰੀ ਬੈਂਕਾਂ ਨੇ ਕਾਫੀ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ। ਹਾਲ ਹੀ ਦੇ ਸਾਲਾਂ ’ਚ ਦੇਸ਼ ਦੇ ਸਰਕਾਰੀ ਬੈਂਕਾਂ ’ਤੇ ਬਾਜ਼ਾਰ ਦਾ ਭਰੋਸਾ ਕਾਫੀ ਵਧਿਆ ਹੈ। ਅਜਿਹੇ ’ਚ ਇਨ੍ਹਾਂ ਦਾ ਇਕੱਠੇ ਵੱਡੇ ਪੈਮਾਨੇ ’ਤੇ ਨਿੱਜੀਕਰਨ ਕਰਨਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।


author

Harinder Kaur

Content Editor

Related News