RBI ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਕਢਵਾ ਸਕਣਗੇ 25,000 ਰੁਪਏ
Monday, Feb 24, 2025 - 10:39 PM (IST)

ਬਿਜਨੈੱਸ ਡੈਸਕ - ਆਰ.ਬੀ.ਆਈ. ਨੇ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਨੂੰ 25,000 ਰੁਪਏ ਤੱਕ ਕਢਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 27 ਫਰਵਰੀ, 2025 ਤੋਂ ਮੁੰਬਈ ਸਥਿਤ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਲਿਮਟਿਡ ਦੇ ਜਮ੍ਹਾਂਕਰਤਾਵਾਂ ਨੂੰ ਪ੍ਰਤੀ ਖਾਤਾ ਧਾਰਕ 25,000 ਰੁਪਏ ਤੱਕ ਕਢਵਾਉਣ ਦੀ ਇਜਾਜ਼ਤ ਦਿੱਤੀ ਹੈ।
ਇਹ ਰਾਹਤ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੇਂਦਰੀ ਬੈਂਕ ਨੇ ਕਰੀਬ ਦੋ ਹਫਤੇ ਪਹਿਲਾਂ ਇਸ ਬੈਂਕ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਸਨ, ਜਿਸ 'ਚ ਪੈਸੇ ਕਢਵਾਉਣ 'ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਗਈ ਸੀ। ਬੈਂਕ ਦੀ ਤਰਲਤਾ ਅਤੇ ਵਿੱਤੀ ਸਥਿਰਤਾ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ, 13 ਫਰਵਰੀ, 2025 ਨੂੰ, ਆਰ.ਬੀ.ਆਈ. ਨੇ ਇਸ 'ਤੇ ਸਰਬ ਸੰਮਲਿਤ ਦਿਸ਼ਾ-ਨਿਰਦੇਸ਼ (ਏ.ਆਈ.ਡੀ.) ਲਾਗੂ ਕੀਤੇ ਸਨ, ਜਿਸ ਕਾਰਨ ਜਮ੍ਹਾਕਰਤਾ ਕੋਈ ਵੀ ਰਕਮ ਨਹੀਂ ਕੱਢ ਸਕਦੇ ਸਨ।
ਕਿਸ ਗਾਹਕ ਨੂੰ ਕਿੰਨੀ ਰਕਮ ਕਢਵਾਉਣ ਦੀ ਇਜਾਜ਼ਤ ?
ਹੁਣ ਬੈਂਕ ਦੀ ਨਕਦੀ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਕੇਂਦਰੀ ਬੈਂਕ ਨੇ ਅੰਸ਼ਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਆਰ.ਬੀ.ਆਈ. ਨੇ ਕਿਹਾ ਕਿ 50% ਤੋਂ ਵੱਧ ਖਾਤਾ ਧਾਰਕ ਆਪਣੀ ਪੂਰੀ ਜਮ੍ਹਾਂ ਰਕਮ ਕਢਵਾਉਣ ਦੇ ਯੋਗ ਹੋਣਗੇ।
ਖਾਤਾ ਧਾਰਕ ਜਿਨ੍ਹਾਂ ਦੀ ਜਮ੍ਹਾਂ ਰਕਮ 25,000 ਰੁਪਏ ਜਾਂ ਇਸ ਤੋਂ ਘੱਟ ਹੈ, ਉਹ ਸਾਰੀ ਰਕਮ ਕਢਵਾਉਣ ਦੇ ਯੋਗ ਹੋਣਗੇ।
ਜਿਨ੍ਹਾਂ ਦਾ ਬਕਾਇਆ 25,000 ਰੁਪਏ ਤੋਂ ਵੱਧ ਹੈ, ਉਹ ਵੱਧ ਤੋਂ ਵੱਧ 25,000 ਰੁਪਏ ਕਢਵਾ ਸਕਦੇ ਹਨ।
ATM ਤੋਂ ਪੈਸੇ ਕਢਵਾ ਸਕਣਗੇ
ਆਰ.ਬੀ.ਆਈ. ਨੇ ਪਹਿਲਾਂ ਬੈਂਕ ਦੇ ਬੋਰਡ ਨੂੰ ਭੰਗ ਕਰ ਦਿੱਤਾ ਸੀ ਅਤੇ ਇੱਕ ਪ੍ਰਸ਼ਾਸਕ ਅਤੇ ਸਲਾਹਕਾਰਾਂ ਦੀ ਕਮੇਟੀ ਸੀ.ਓ.ਏ. ਹੁਣ ਇਸ ਕਮੇਟੀ ਦਾ ਨਵੇਂ ਮੈਂਬਰਾਂ ਨਾਲ ਪੁਨਰਗਠਨ ਕੀਤਾ ਗਿਆ ਹੈ, ਜਿਸ ਵਿੱਚ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਅਤੇ ਸਾਰਸਵਤ ਕੋ-ਆਪਰੇਟਿਵ ਬੈਂਕ ਦੇ ਸਾਬਕਾ ਸੀਨੀਅਰ ਅਧਿਕਾਰੀ ਸ਼ਾਮਲ ਹਨ। ਆਰ.ਬੀ.ਆਈ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਜਿਹੜੇ ਗਾਹਕ ਬੈਂਕ ਤੋਂ ਪੈਸੇ ਕਢਵਾਉਣਾ ਚਾਹੁੰਦੇ ਹਨ, ਉਹ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਜਾਂ ਕਿਸੇ ਹੋਰ ਬੈਂਕ ਦੇ ਏ.ਟੀ.ਐੱਮ. ਤੋਂ ਪੈਸੇ ਕਢਵਾ ਸਕਦੇ ਹਨ।