ਘਰੇਲੂ ਮੰਗ ’ਚ ਤੇਜ਼ੀ ਨਾਲ ਆਰਥਿਕ ਵਾਧਾ ਮਜ਼ਬੂਤ ਰਹਿਣ ਦੀ ਉਮੀਦ : RBI ਬੁਲੇਟਿਨ
Saturday, Jan 18, 2025 - 12:23 PM (IST)
ਮੁੰਬਈ- ਘਰੇਲੂ ਮੰਗ ’ਚ ਤੇਜ਼ੀ ਪਰਤਣ ਨਾਲ ਦੇਸ਼ ਦੇ ਆਰਥਿਕ ਵਾਧੇ ’ਚ ਮਜ਼ਬੂਤੀ ਆਉਣ ਦੀ ਉਮੀਦ ਹੈ। ਹਾਲਾਂਕਿ, ਖੁਰਾਕ ਮਹਿੰਗਾਈ ਉੱਚੀ ਬਣੀ ਹੋਣ ਨਾਲ ਸਥਿਤੀ ’ਤੇ ਸਾਵਧਾਨੀਪੂਰਵਕ ਨਜ਼ਰ ਰੱਖਣ ਦੀ ਲੋੜ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਬੁਲੇਟਿਨ ’ਚ ਇਹ ਗੱਲ ਕਹੀ ਗਈ। ਜਨਵਰੀ ਦੇ ਬੁਲੇਟਿਨ ’ਚ ‘ਅਰਥਵਿਵਸਥਾ ਦੀ ਸਥਿਤੀ’ ’ਤੇ ਪ੍ਰਕਾਸ਼ਿਤ ਲੇਖ ’ਚ ਕਿਹਾ ਗਿਆ ਹੈ ਕਿ 2025 ਲਈ ਆਰਥਿਕ ਪਰਿਦ੍ਰਿਸ਼ ਵੱਖ - ਵੱਖ ਦੇਸ਼ਾਂ ’ਚ ਵੱਖ-ਵੱਖ ਹਨ। ਇਨ੍ਹਾਂ ’ਚ ਅਮਰੀਕਾ ’ਚ ਰਫ਼ਤਾਰ ’ਚ ਕੁਝ ਕਮੀ, ਯੂਰਪ ਅਤੇ ਜਾਪਾਨ ’ਚ ਕਮਜ਼ੋਰ ਤੋਂ ਲੈ ਕੇ ਦਰਮਿਆਨੇ ਸੁਧਾਰ, ਵਿਕਸਿਤ ਅਰਥਵਿਵਸਥਾਵਾਂ ਦੇ ਮੁਕਾਬਲੇ ਉੱਭਰਦੇ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਜ਼ਿਆਦਾ ਦਰਮਿਆਨਾ ਵਾਧਾ ਅਤੇ ਮਹਿੰਗਾਈ ’ਚ ਹੌਲੀ-ਹੌਲੀ ਕਮੀ ਦੀ ਸਥਿਤੀ ਸ਼ਾਮਲ ਹੈ।
ਇਸ ’ਚ ਕਿਹਾ ਗਿਆ, “ਮਹੱਤਵਪੂਰਨ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤ ’ਚ ਵਿੱਤੀ ਸਾਲ 2024-25 ਦੀ ਦੂਜੀ ਛਿਮਾਹੀ ’ਚ ਆਰਥਿਕ ਸਰਗਰਮੀਆਂ ’ਚ ਤੇਜ਼ੀ ਦੀ ਉਮੀਦ ਹੈ। ਇਹ ਐੱਨ. ਐੱਸ. ਓ. ਦੇ ਪਹਿਲੇ ਅਗਾਊਂ ਅੰਦਾਜ਼ਿਆਂ ’ਚ ਇਸ ਮਿਆਦ ਲਈ ਅਸਲ ਜੀ. ਡੀ. ਪੀ. ਵਾਧੇ ਦੇ ਅੰਕੜਿਆਂ ਤੋਂ ਵੀ ਪਤਾ ਲੱਗਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਲਗਾਤਾਰ ਦੂਜੇ ਮਹੀਨੇ ਦਸੰਬਰ ’ਚ ਕੁੱਲ ਮਹਿੰਗਾਈ ’ਚ ਕਮੀ ਆਈ ਹੈ। ਹਾਲਾਂਕਿ ਖੁਰਾਕ ਮਹਿੰਗਾਈ ਉੱਚੀ ਬਣੀ ਰਹਿਣ ਕਾਰਨ ਸਥਿਤੀ ’ਤੇ ਸਾਵਧਾਨੀਪੂਰਵਕ ਨਜ਼ਰ ਰੱਖਣ ਦੀ ਲੋੜ ਹੈ। ਇਹ ਲੇਖ ਮਾਈਕਲ ਪਾਤਰਾ ਦੀ ਅਗਵਾਈ ਵਾਲੀ ਟੀਮ ਨੇ ਲਿਖਿਆ ਹੈ। ਉਨ੍ਹਾਂ ਦਾ ਵਿਸਥਾਰਿਤ ਕਾਰਜਕਾਲ ਇਸ ਮਹੀਨੇ ਖ਼ਤਮ ਹੋ ਗਿਆ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਬੁਲੇਟਿਨ ’ਚ ਪ੍ਰਗਟਾਏ ਵਿਚਾਰ ਲੇਖਕਾਂ ਦੇ ਹਨ ਅਤੇ ਉਹ ਭਾਰਤੀ ਰਿਜ਼ਰਵ ਬੈਂਕ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8