ਦੂਰਸੰਚਾਰ ਉਦਯੋਗ ਨੂੰ ਰਿਆਇਤੀ ਕੀਮਤਾਂ ’ਤੇ ਸਪੈਕਟ੍ਰਮ ਅਲਾਟਮੈਂਟ ਦੀ ਉਮੀਦ : ਰਵਿੰਦਰ ਟੱਕਰ
Friday, Dec 10, 2021 - 11:32 AM (IST)
ਨਵੀਂ ਦਿੱਲੀ,(ਭਾਸ਼ਾ)– ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਵਿੰਦਰ ਟੱਕਰ ਨੇ ਕਿਹਾ ਕਿ ਲੰਮੇ ਸਮੇਂ ’ਚ ਟਿਕਾਊ ਬਣਨ ਲਈ ਦੂਰਸੰਚਾਰ ਉਦਯੋਗ ਆਸਾਨ ਭੁਗਤਾਨ ਸ਼ਰਤਾਂ ਨਾਲ ਰਿਆਇਤੀ ਕੀਮਤ ’ਤੇ ਨਿਰਪੱਖ ਸਪੈਕਟ੍ਰਮ ਦਾ ਰਾਹ ਦੇਖ ਰਿਹਾ ਹੈ। ਟੱਕਰ ਨੇ ਇੰਡੀਆ ਮੋਬਾਇਲ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਹਾਲ ’ਚ ਐਲਾਨੇ ਸੁਧਾਰਾਤਮਕ ਕਦਮ ਇਸ ਖੇਤਰ ’ਚ ਮੌਜੂਦ ਵਿੱਤੀ ਤਨਾਅ ਨੂੰ ਦੂਰ ਕਰਨ ਦੀ ਦਿਸ਼ਾ ’ਚ ਇਕ ਕੋਸ਼ਿਸ਼ ਹੈ।
ਇਹ ਵੀ ਪੜ੍ਹੋ– ਅੰਬਾਨੀ ਨੇ 5ਜੀ ਸੇਵਾਵਾਂ ਨੂੰ ਲਾਗੂ ਕਰਨ, ਸੇਵਾਵਾਂ ਦੇ ਸਸਤਾ ਹੋਣ ਦੀ ਕੀਤੀ ਵਕਾਲਤ
ਉਨ੍ਹਾਂ ਨੇ ਕਿਹਾ ਕਿ ਪੁਰਾਣੇ ਮੁਕੱਦਮਿਆਂ ਕਾਰਨ ਦੂਰਸੰਚਾਰ ਕੰਪਨੀਆਂ ’ਤੇ ਪਏ ਬੋਝ ਨੂੰ ਘੱਟ ਕਰਨਾ ਅਤੇ ਟੈਕਸਾਂ ਅਤੇ ਫੀਸਾਂ ਨੂੰ ਤਰਕਸੰਗਤ ਬਣਾਉਣਾ ਵੀ ਜ਼ਰੂਰੀ ਹੈ। ਟੱਕਰ ਨੇ ਕਿਹਾ ਕਿ ਜੇ ਇਕ ਦਹਾਕਾ ਅੱਗੇ ਦੇਖੀਏ ਤਾਂ ਉਦਯੋਗ ਨੂੰ ਲੰਮੇ ਸਮੇਂ ’ਚ ਟਿਕਾਊ ਬਣਾਉਣ ਦੀ ਲੋੜ ਹੈ। ਇਸ ਦਿਸ਼ਾ ’ਚ ਛੇਤੀ ਚੁੱਕੇ ਗਏ ਕੁੱਝ ਕਦਮਾਂ ਨਾਲ ਇਹ ਭਵਿੱਖ ਹਾਸਲ ਕੀਤਾ ਜਾ ਸਕਦਾ ਹੈ। ਦੂਰਸੰਚਾਰ ਕੰਪਨੀਆਂ ਆਸਾਨ ਭੁਗਤਾਨ ਸ਼ਰਤਾਂ ਨਾਲ ਰਿਆਇਤੀ ਕੀਮਤਾਂ ’ਤੇ ਸਪੈਕਟ੍ਰਮ ਮੁਹੱਈਆ ਕਰਵਾਉਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਤੋਂ ਇਲਾਵਾ ਟੈਕਸਾਂ ਅਤੇ ਫੀਸਾਂ ਨੂੰ ਤਰਕਸੰਗਤ ਬਣਾਉਣ ਅਤੇ ਪੁਰਾਣੇ ਮੁਕੱਦਮਿਆਂ ਨਾਲ ਪਏ ਵਿੱਤੀ ਬੋਝ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਹੱਲ ਹੋ ਜਾਂਦਾ ਹੈ ਤਾਂ ਦੂਰਸੰਚਾਰ ਉਦਯੋਗ ਆਪਣੇ ਪ੍ਰਤੀ ਗਾਹਕ ਔਸਤ ਆਮਦਨ ਨੂੰ ਵੀ ਸੁਧਾਰਨ ’ਤੇ ਧਿਆਨ ਦੇ ਸਕੇਗਾ ਜੋ ਫਿਲਹਾਲ ਬਹੁਤ ਘੱਟ ਹੈ। ਇਸ ਸੰਮੇਲਨ ’ਚ ਭਾਰਤੀ ਏਅਰਟੈੱਲ ਦੇ ਉਪ-ਪ੍ਰਧਾਨ ਅਖਿਲ ਗੁਪਤਾ ਨੇ ਵੀ ਸਪੈਕਟ੍ਰਮ ਕੀਮਤਾਂ ਬਾਰੇ ਅਜਿਹੀ ਹੀ ਰਾਏ ਪ੍ਰਗਟਾਈ। ਗੁਪਤਾ ਨੇ ਉਮੀਦ ਪ੍ਰਗਟਾਈ ਕਿ ਕੰਪਨੀਆਂ ਨੂੰ ਰਿਜ਼ਰਵ ਕੀਮਤਾਂ ’ਤੇ ਹੀ ਸਪੈਕਟ੍ਰਮ ਅਲਾਟ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਦੂਰਸੰਚਾਰ ਵਿਭਾਗ ਨੇ ਬੀਤੇ ਦਿਨੀਂ 9 ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਦੇ ਸਿਮ ਨੂੰ ਮੁੜ ਵੈਰੀਫਾਈ ਕਰਨ ਅਤੇ ਵੈਰੀਫਾਈ ਨਾ ਹੋਣ ਦੀ ਸਥਿਤੀ ’ਚ ਸਿਮ ਬੰਦ ਕਰਨ ਦਾ ਹੁਕਮ ਦਿੱਤਾ ਹੈ। ਜੰਮੂ-ਕਸ਼ਮੀਰ ਅਤੇ ਅਸਾਮ ਸਮੇਤ ਪੂਰਬ ਉੱਤਰ ਲਈ ਇਹ ਗਿਣਤੀ ਛੇ ਸਿਮ ਕਾਰਡ ਦੀ ਹੈ। ਦੂਰਸੰਚਾਰ ਵਿਭਾਗ ਵਲੋਂ ਜਾਰੀ ਹੁਕਮ ਮੁਤਾਬਕ ਗਾਹਕਾਂ ਕੋਲ ਇਜਾਜ਼ਤ ਤੋਂ ਵੱਧ ਸਿਮ ਕਾਰਡ ਰੱਖੇ ਜਾਣ ਦੀ ਸਥਿਤੀ ’ਚ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਸਿਮ ਚਾਲੂ ਰੱਖਣ ਅਤੇ ਬਾਕੀ ਨੂੰ ਬੰਦ ਕਰਨ ਦਾ ਬਦਲ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– Amazon Prime ਯੂਜ਼ਰਸ ਲਈ ਬੁਰੀ ਖਬਰ, ਅਗਲੇ ਹਫਤੇ ਤੋਂ ਸਬਸਕ੍ਰਿਪਸ਼ਨ ਪਲਾਨ ਹੋਣਗੇ ਮਹਿੰਗੇ