ਆਮ ਜਨਤਾ ''ਤੇ ਮਹਿੰਗਾਈ ਦੀ ਮਾਰ, ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ

Saturday, Aug 22, 2020 - 09:04 AM (IST)

ਆਮ ਜਨਤਾ ''ਤੇ ਮਹਿੰਗਾਈ ਦੀ ਮਾਰ, ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ

ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਏ ਭਾਰੀ ਮੀਂਹ ਅਤੇ ਹੜ੍ਹ ਕਾਰਣ ਹਰੀਆਂ ਸਬਜ਼ੀਆਂ ਦੀ ਸਪਲਾਈ ਘਟਣ ਨਾਲ ਇਨ੍ਹਾਂ ਦੇ ਭਾਅ 'ਚ ਭਾਰੀ ਵਾਧਾ ਹੋ ਗਿਆ ਹੈ। ਆਲੂ, ਪਿਆਜ਼, ਟਮਾਟਰ ਸਮੇਤ ਕਈ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਦਿੱਲੀ-ਐੱਨ. ਸੀ. ਆਰ. 'ਚ ਬੈਂਗਣ, ਘੀਆ ਅਤੇ ਤੋਰੀ ਵੀ 50 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ। ਫੁੱਲਗੋਭੀ 120 ਰੁਪਏ ਪ੍ਰਤੀ ਕਿਲੋ ਅਤੇ ਸ਼ਿਮਲਾ ਮਿਰਚ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਪਿਆਜ ਜੋ 20 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ ਹੁਣ 30 ਰੁਪਏ ਕਿਲੋ ਤੋਂ ਵੱਧ ਭਾਅ 'ਤੇ ਮਿਲਣ ਲੱਗਾ ਹੈ।

ਆਜ਼ਾਦਪੁਰ ਮੰਡੀ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਦੱਖਣੀ ਭਾਰਤ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਣ ਫਸਲ ਖਰਾਬ ਹੋਣ ਨਾਲ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ ਦੀ ਮੰਗ ਦੱਖਣੀ ਭਾਰਤ 'ਚ ਵਧ ਜਾਣ ਨਾਲ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ ਪਰ ਸਪਲਾਈ ਵਧਣ ਨਾਲ ਅਗਲੇ ਇਕ-ਦੋ ਦਿਨਾਂ 'ਚ ਪਿਆਜ਼ ਦੀ ਕੀਮਤ 'ਚ ਫਿਰ ਨਰਮੀ ਆ ਜਾਏਗੀ। ਆਜ਼ਾਦਪੁਰ ਮੰਡੀ 'ਚ ਪਿਆਜ਼ ਦਾ ਥੋਕ ਭਾਅ ਅੱਜ 5 ਤੋਂ 15 ਰੁਪਏ ਪ੍ਰਤੀ ਕਿਲੋ ਸੀ। ਉਥੇ ਹੀ ਆਲੂ ਦਾ ਥੋਕ ਭਾਅ 13 ਤੋਂ 44 ਰੁਪਏ ਪ੍ਰਤੀ ਕਿਲੋ ਜਦੋਂ ਕਿ ਟਮਾਟਰ ਦਾ ਥੋਕ ਭਾਅ ਅੱਜ 6 ਤੋਂ 43.50 ਰੁਪਏ ਪ੍ਰਤੀ ਕਿਲੋ ਸੀ। ਸ਼ਰਮਾ ਨੇ ਦੱਸਿਆ ਕਿ ਬਰਸਾਤ ਕਾਰਣ ਹਰੀਆਂ ਸਬਜ਼ੀਆਂ ਦੇ ਰੇਟ 'ਚ ਵਾਧਾ ਹੋਇਆ ਹੈ ਪਰ ਜਿਨ੍ਹਾਂ ਸਬਜ਼ੀਆਂ ਦੀ ਲਾਈਫ ਵੱਧ ਹੁੰਦੀ ਹੈ, ਉਨ੍ਹਾਂ ਦੀ ਕੀਮਤ 'ਚ ਵਾਧਾ ਨਹੀਂ ਹੋਇਆ ਹੈ।

ਸਬਜ਼ੀਆਂ ਦੀ ਮਹਿੰਗਾਈ ਬੀਤੇ 2 ਮਹੀਨੇ ਤੋਂ ਜਾਰੀ ਹੈ। ਬੀਤੇ ਮਹੀਨੇ ਜੁਲਾਈ 'ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਦਰ 6.93 ਫੀਸਦੀ ਦਰਜ ਕੀਤੀ ਗਈ ਜਦੋ ਕਿ ਖਪਤਕਾਰ ਖੁਰਾਕ ਮੁੱਲ ਸੂਚਕ ਅੰਕ (ਸੀ. ਐੱਫ. ਪੀ. ਆਈ.) ਆਧਾਰਿਤ ਖੁਰਾਕ ਪਦਾਰਥਾਂ ਦੀ ਪ੍ਰਚੂਨ ਮਹਿੰਗਾਈ ਦਰ ਜੁਲਾਈ 'ਚ 9.62 ਫੀਸਦੀ ਰਹੀ। ਇਸ 'ਚ ਸਬਜ਼ੀਆਂ ਦੀ ਮਹਿੰਗਾਈ ਜੁਲਾਈ 'ਚ ਪਿਛਲੇ ਸਾਲ ਦੇ ਇਸੇ ਮਹੀਨੇ ਤੋਂ 11.29 ਫੀਸਦੀ ਵਧੀ ਹੈ।


author

cherry

Content Editor

Related News