IMF ਮੁਖੀ ਬਣ ਸਕਦੇ ਹਨ ਰਘੁਰਾਮ ਰਾਜਨ, ਬ੍ਰਿਟੇਨ ਕਰ ਰਿਹੈ ਸਮਰਥਨ
Monday, Jul 22, 2019 - 02:50 PM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਹੁਣ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਨਵੇਂ ਪ੍ਰਬੰਧਕ ਨਿਰਦੇਸ਼ਕ ਬਣ ਸਕਦੇ ਹਨ। ਰਿਪੋਰਟਾਂ ਮੁਤਾਬਕ, ਰਾਜਨ ਦਾ ਨਾਮ ਇਸ ਦੌੜ 'ਚ ਸਭ ਤੋਂ ਮੋਹਰੇ ਚੱਲ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਉਹ ਇਸ ਪੋਸਟ ਲਈ ਕਿਸੇ ਭਾਰਤੀ ਦੇ ਨਾਮ ਦਾ ਸਮਰਥਨ ਕਰਨ। ਇਸ ਲਈ ਰਘੁਰਾਮ ਰਾਜਨ ਦੇ ਨਾਮ 'ਤੇ ਚਰਚਾ ਛਿੜ ਗਈ ਹੈ।
ਪਿਛਲੇ ਹਫਤੇ ਆਈ. ਐੱਮ. ਐੱਫ. ਮੁਖੀ ਕ੍ਰਿਸਟੀਨ ਲਗਾਰਡ ਨੇ ਇਸ ਪੋਸਟ ਤੋਂ ਅਸਤੀਫਾ ਦੇ ਦਿੱਤਾ ਸੀ। ਲਗਾਰਡ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਅਸਤੀਫਾ 12 ਸਤੰਬਰ ਤੋਂ ਪ੍ਰਭਾਵੀ ਹੋਵੇਗਾ। ਜੁਲਾਈ 2011 'ਚ ਲਗਾਰਡ ਆਈ. ਐੱਮ. ਐੱਫ. ਦੀ ਮੁਖੀ ਬਣੀ ਸੀ। ਆਈ. ਐੱਮ. ਐੱਫ. ਨੇ ਅਮਰੀਕੀ ਅਰਥਸ਼ਾਸਤਰੀ ਡੈਵਿਡ ਲਿਪਟਨ ਨੂੰ ਆਪਣਾ ਅੰਤਰਿਮ ਮੁਖੀ ਚੁਣਿਆ ਹੈ।ਜ਼ਿਕਰਯੋਗ ਹੈ ਕਿ ਕੌਮਾਂਤਰੀ ਮੁਦਰਾ ਫੰਡ 189 ਮੁਲਕਾਂ ਦਾ ਸੰਗਠਨ ਹੈ, ਜੋ ਸੰਸਾਰਕ ਆਰਥਿਕ ਸਹਿਯੋਗ ਵਧਾਉਣ, ਵਿੱਤੀ ਸਥਿਰਤਾ ਨੂੰ ਸੁਰੱਖਿਅਤ ਕਰਨ, ਅੰਤਰਰਾਸ਼ਟਰੀ ਵਪਾਰ ਦੀ ਸਹੂਲਤ, ਰੋਜ਼ਗਾਰ ਨੂੰ ਵਧਾਉਣ ਅਤੇ ਸਥਾਈ ਆਰਥਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ਵ ਭਰ 'ਚ ਗਰੀਬੀ ਘਟਾਉਣ ਲਈ ਕੰਮ ਕਰਦਾ ਹੈ।