ਸ਼ਿਵ ਨਾਡਰ ਤੇ ਉਦੈ ਕੋਟਕ ਨੂੰ ਪਛਾੜ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ D-Mart ਦੇ ਦਮਾਨੀ

02/15/2020 6:03:31 PM

ਨਵੀਂ ਦਿੱਲੀ — ਡੀ-ਮਾਰਟ ਦੀ ਪੇਰੈਂਟ ਕੰਪਨੀ ਐਵੇਨਿਊ ਸੂਪਰ ਮਾਰਕਿਟ ਦੇ ਮਾਲਕ ਰਾਧਾਕ੍ਰਿਸ਼ਣ ਦਮਾਨੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੁੱਕਰਵਾਰ ਨੂੰ ਦਮਾਨੀ ਦੀ ਜਾਇਦਾਦ 1.27 ਲੱਖ ਕਰੋੜ ਰੁਪਏ ਪਹੁੰਚ ਗਈ। ਬੁੱਧਵਾਰ ਨੂੰ ਹੀ ਦਮਾਨੀ 5ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਸਨ। ਕੰਪਨੀ 'ਚ ਦਮਾਨੀ ਪਰਿਵਾਰ ਦੇ 80 ਫੀਸਦੀ ਸ਼ੇਅਰ ਹਨ। 5 ਫਰਵਰੀ ਨੂੰ ਉਨ੍ਹਾਂ ਨੇ ਸ਼ੇਅਰ ਹੋਲਡਿੰਗ ਘਟਾ ਕੇ 77.27 ਫੀਸਦੀ ਕਰਨ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ ਤਾਂ 0.5 ਫੀਸਦੀ ਹੀ ਉਛਲੇ, ਪਰ ਹੋਰ ਕੰਪਨੀਆਂ ਵਿਚ ਉਨ੍ਹਾਂ ਦੇ ਸ਼ੇਅਰਾਂ ਦੀ ਵੈਲਿਊ ਵਧਣ ਨਾਲ ਜਾਇਦਾਦ ਵਿਚ 400 ਕਰੋੜ ਰੁਪਏ ਦਾ ਵਾਧਾ ਹੋਇਆ। ਪਿਛਲੇ ਤਿੰਨ ਦਿਨਾਂ ਵਿਚ ਉਨ੍ਹਾਂ ਦੀ ਜਾਇਦਾਦ 1 ਹਜ਼ਾਰ ਕਰੋੜ ਰੁਪਏ ਵਧ ਚੁੱਕੀ ਹੈ।

1 ਲੱਖ ਦਾ ਨਿਵੇਸ਼ ਬਣਦਾ 8.31 ਲੱਖ ਰੁਪਏ

ਸ਼ੇਅਰ ਬਜ਼ਾਰ 'ਚ ਦਮਾਨੀ ਦੀ ਕੰਪਨੀ ਐਵੇਨਿਊ ਸੂਪਰ ਮਾਰਕਿਟ ਦੀ ਲਿਸਟਿੰਗ 21 ਮਾਰਚ 2017 ਨੂੰ ਹੋਈ ਸੀ। ਉਸ ਸਮੇਂ ਕੰਪਨੀ ਦੀ ਕੁੱਲ ਪੂੰਜੀ 39 ਹਜ਼ਾਰ ਕਰੋੜ ਰੁਪਏ ਸੀ। ਉਸ ਸਮੇਂ ਕੰਪਨੀ ਵਿਚ 1 ਲੱਖ ਦਾ ਨਿਵੇਸ਼ ਕੀਤਾ ਹੁੰਦਾ ਤਾਂ ਡਿਵੀਡੈਂਡ ਅਤੇ ਹੋਰ ਲਾਭ ਮਿਲਾ ਕੇ ਨਿਵੇਸ਼ ਦੀ ਰਾਸ਼ੀ 8.31 ਲੱਖ ਰੁਪਏ ਹੋ ਜਾਂਦੀ।

18 ਸਾਲ ਪਹਿਲਾਂ ਖੋਲ੍ਹਿਆ ਸੀ ਪਹਿਲਾ ਸਟੋਰ

ਦਮਾਨੀ(65) ਨੇ 2002 ਵਿਚ ਮੁੰਬਈ 'ਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਸੀ। ਹੁਣ ਇਨ੍ਹਾਂ ਦੇ ਸਟੋਰਾਂ ਦੀ ਗਿਣਤੀ ਵਧ ਕੇ 200 ਹੋ ਗਈ ਹੈ। 1.5 ਲੱਖ ਰੁਪਏ ਦਾ ਮਾਰਕਿਟ ਕੈਪ ਹੈ। ਰਿਟੇਲ ਬਜ਼ਾਰ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਪਛਾਣ ਦਿੱਗਜ ਨਿਵੇਸ਼ਕ ਦੇ ਤੌਰ 'ਤੇ ਸੀ। ਪਰ ਉਹ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਲੋਅ ਪ੍ਰੋਫਾਈਲ ਰੱਖਦੇ ਆਏ ਹਨ। ਭਾਰਤ ਦੇ ਵਾਰੇਨ ਬਫੇ ਕਹੇ ਜਾਣ ਵਾਲੇ ਰਾਕੇਸ਼ ਝੁਨਝੁਨਵਾਲਾ ਦੇ ਮੇਂਟਰ ਵੀ ਦਮਾਨੀ ਹੀ ਹਨ। ਉਹ ਕਈ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ 'ਚ ਵੱਡੇ ਸ਼ੇਅਰ ਧਾਰਕ ਹਨ। ਇਨ੍ਹਾਂ ਵਿਚ ਇੰਡੀਆ ਸੀਮੈਂਟ, ਵੀ.ਐਸ.ਟੀ. ਇੰਡਸਟਰੀਜ਼, ਬਲਿਊ ਡਾਰਟ, ਸਿਨੇਪਲੇਕਸ ਕੰਪਨੀਆਂ ਅਤੇ ਕੁਝ ਤੰਬਾਕੂ ਕੰਪਨੀਆਂ ਵੀ ਸ਼ਾਮਲ ਹਨ। ਦਰਅਸਲ ਉਨ੍ਹਾਂ ਦੇ ਪਿਤਾ ਵੀ ਸਟਾਕਬ੍ਰੋਕਰ ਸਨ। ਇਸ ਲਈ ਉਹ ਬਚਪਨ ਤੋਂ ਹੀ ਸ਼ੇਅਰ ਬਜ਼ਾਰ ਦੀਆਂ ਬਰੀਕੀਆਂ ਸਿੱਖਣ ਲੱਗ ਗਏ ਸਨ। ਦਹਾਕਿਆਂ ਤੱਕ ਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰਨ ਤੋਂ ਬਾਅਦ ਐਵੇਨਿਊ ਸੂਪਰਮਾਰਕਿਟ ਲੈ ਕੇ ਆਏ। 2017 ਵਿਚ ਕੰਪਨੀ ਦੀ ਲਿਸਟਿੰਗ ਸਮੇਂ ਉਨ੍ਹਾਂ ਦੀ ਦੌਲਤ 16.4 ਹਜ਼ਾਰ ਕਰੋੜ ਰੁਪਏ ਸੀ।

ਇਹ ਹਨ ਭਾਰਤ ਦੇ ਟਾਪ ਅਮੀਰ ਕਾਰੋਬਾਰੀ

ਮੁਕੇਸ਼ ਅੰਬਾਨੀ ਦੇਸ਼ ਦੇ ਦਿੱਗਜ ਕਾਰੋਬਾਰੀਆਂ ਦੀ ਸੂਚੀ ਵਿਚ ਸਿਖਰ 'ਤੇ ਬਣੇ ਹੋਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 4.13 ਲੱਖ ਕਰੋੜ ਰੁਪਏ ਹੈ। 1.27 ਲੱਖ ਕਰੋੜ ਦੀ ਜਾਇਦਾਦ ਦੇ ਨਾਲ ਦਮਾਨੀ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਤੀਜੇ ਸਥਾਨ 'ਤੇ ਅਡਾਣੀ ਗਰੁੱਪ ਦੇ ਗੌਤਮ ਅਡਾਣੀ ਹਨ। ਗੌਤਮ ਦੀ ਕੁੱਲ ਜਾਇਦਾਦ 1.11 ਲੱਖ ਕਰੋੜ ਰੁਪਏ ਹੈ। 1.06 ਲੱਖ ਕਰੋੜ ਦੀ ਜਾਇਦਾਦ ਦੇ ਨਾਲ ਕੋਟਕ ਗਰੁੱਪ ਦੇ ਉਦੈ ਕੋਟਕ ਚੌਥੇ ਸਥਾਨ 'ਤੇ ਅਤੇ 1.04 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਐਚ.ਸੀ.ਐਲ. ਤਕਨਾਲੋਜੀ ਦੇ ਸ਼ਿਵ ਨਾਡਰ ਪੰਜਵੇਂ ਸਥਾਨ 'ਤੇ ਹਨ।


Related News