ਮਹਿੰਗਾਈ ਨੂੰ ਰੋਕਣ ਲਈ ਸੂਬਿਆਂ ਨੂੰ ਸਬਸਿਡੀ ਦਰਾਂ 'ਤੇ ਦਾਲਾਂ ਦੀ ਪੇਸ਼ਕਸ਼
Sunday, Sep 27, 2020 - 03:39 PM (IST)
ਨਵੀਂ ਦਿੱਲੀ— ਕੇਂਦਰ ਨੇ ਸੂਬਿਆਂ ਨੂੰ ਪ੍ਰਚੂਨ ਵਿਕਰੀ ਲਈ ਪ੍ਰੋਸੈੱਸਡ ਮੂੰਗ ਅਤੇ ਅਰਹਰ ਦਾਲ ਸਬਸਿਡੀ ਵਾਲੀਆਂ ਦਰਾਂ 'ਤੇ ਉਪਲਬਧ ਕਰਾਉਣ ਦੀ ਪੇਸ਼ਕਸ਼ ਕੀਤੀ ਹੈ।
ਖ਼ਪਤਕਾਰ ਮਾਮਲਿਆਂ ਦੀ ਸਕੱਤਰ ਲੀਨਾ ਨੰਦਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਦਾਲਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਰੋਕਣ 'ਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਮੂੰਗ ਦਾਲ 92 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਅਰਹਰ 84 ਤੋਂ 96 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁੱਲ 'ਤੇ ਉਪਲਬਧ ਕਰਾਈ ਜਾਵੇਗੀ। ਇਹ ਮੌਜੂਦਾ ਬਾਜ਼ਾਰਾਂ ਤੋਂ ਕਾਫ਼ੀ ਘੱਟ ਹੈ। ਲੀਨਾ ਨੰਦਨ ਨੇ ਕਿਹਾ, ''ਪ੍ਰਚੂਨ ਕੀਮਤਾਂ 'ਚ ਵਾਧੇ ਨੂੰ ਰੋਕਣ ਦੀ ਇਹ ਨਵੀਂ ਵਿਵਸਥਾ ਹੈ, ਜਿਸ ਨੂੰ ਮੰਤਰੀ ਸਮੂਹ ਨੇ ਮਨਜ਼ੂਰੀ ਦਿੱਤੀ ਹੈ। ਇਸ ਪਹਿਲ ਤਹਿਤ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪ੍ਰੋਸੈੱਸਡ ਮੂੰਗ ਅਤੇ ਅਰਹਰ ਦਾਲ ਥੋਕ ਮਾਤਰਾਂ 'ਚ ਜਾਂ ਇਕ ਜਾਂ ਅੱਧਾ ਕਿਲੋ ਪੈਕ 'ਚ ਉਪਲਬਧ ਕਰਾਉਣ ਦੀ ਪੇਸ਼ਕਸ਼ ਕੀਤੀ ਹੈ।''
ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਇਹ ਦਾਲਾਂ ਮੁੱਲ ਸਥਿਰਤਾ ਫੰਡ (ਪੀ. ਐੱਸ. ਐੱਫ.) ਤਹਿਤ ਬਣੇ ਬਫਰ ਸਟਾਕ ਤੋਂ ਉਪਲਬਧ ਕਰਾਈਆਂ ਜਾਣਗੀਆਂ। ਸੂਬੇ ਜ਼ਰੂਰਤਾਂ ਦਾ ਹਿਸਾਬ-ਕਿਤਾਬ ਲਾਉਣ ਤੋਂ ਪਿੱਛੋਂ ਭੁਗਤਾਨ ਕਰਕੇ ਇਹ ਦਾਲਾਂ ਉਠਾ ਸਕਦੇ ਹਨ। ਸਬਸਿਡੀ ਦਰਾਂ 'ਤੇ ਇਹ ਪੇਸ਼ਕਸ਼ ਨਵੀਂ ਫਸਲ ਆਉਣ ਤੱਕ ਦੇ ਦੋ ਮਹੀਨਿਆਂ ਲਈ ਕੀਤੀ ਜਾਵੇਗੀ। ਇਸ 'ਚ ਘੱਟੋ-ਘੱਟ ਸਮਰਥਨ ਮੁੱਲ ਤੇ ਹੋਰ ਚਾਰਜ ਸ਼ਾਮਲ ਹੋਣਗੇ। ਮੂੰਗ ਲਈ ਆਰਡਰ 14 ਸਤੰਬਰ ਨੂੰ ਜਾਰੀ ਕੀਤੇ ਜਾ ਚੁੱਕੇ ਹਨ, ਜਦੋਂ ਅਰਹਰ ਲਈ ਇਹ ਪ੍ਰਕਿਰਿਆ 'ਚ ਹੈ।