ਵਾਅਦਾ ਰੂੰ ਨੇ ਤੇਜ਼ੀ ਦਾ ਰਚਿਆ ਇਤਿਹਾਸ, 50000 ਰੁਪਏ ਦਾ ਅੰਕੜਾ ਕੀਤਾ ਪਾਰ

05/18/2022 1:06:31 PM

ਜੈਤੋ– ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2021-22 ਦੌਰਾਨ ਪਿਛਲੇ ਕਈ ਮਹੀਨਿਆਂ ਤੋਂ ਹਾਜ਼ਰ ਰੂੰ ਬਾਜ਼ਾਰ ’ਚ ਤੇਜ਼ੀ ਦਾ ਤੂਫਾਨ ਚੱਲ ਰਿਹਾ ਹੈ, ਜਿਸ ਨਾਲ ਭਾਰਤੀ ਟੈਕਸਟਾਈਲ ਉਦਯੋਗ ਅਤੇ ਕਤਾਈ ਮਿੱਲਾਂ ’ਚ ਭਾਰੀ ਹਲਚਲ ਮਚੀ ਹੋਈ ਹੈ। ਹਾਜ਼ਰ ਰੂੰ ਦੇ ਭਾਅ ਪੰਜਾਬ ’ਚ 10700-11300 ਰੁਪਏ ਪ੍ਰਤੀ ਮਣ, ਹਰਿਆਣਾ 10600-11200 ਰੁਪਏ, ਸ਼੍ਰੀਗੰਗਾਨਗਰ ਸਰਕਲ 11250-11300 ਰੁਪਏ ਮਣ ਅਤੇ ਲੋਅਰ ਰਾਜਸਥਾਨ 102000-104000 ਪ੍ਰਤੀ ਕੈਂਡੀ ਪਹੁੰਚ ਗਏ ਹਨ। ਰੂੰ ਦੀ ਤੇਜ਼ੀ ਨਾਲ ਟੈਕਸਟਾਈਲ ਉਦਯੋਗ ਅਤੇ ਕਤਾਈ ਮਿੱਲਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ।
ਮੋਦੀ ਸਰਕਾਰ ਨੇ ਰੂੰ ਬਾਜ਼ਾਰ ਦੀ ਤੇਜ਼ੀ ਨੂੰ ਬ੍ਰੇਕ ਲਗਾਉਣ ਲਈ ਰੂੰ ਦਰਾਮਦ ’ਤੇ ਫੀਸ ਖਦਮ ਕਰ ਦਿੱਤੀ ਪਰ ਇਸ ਦੇ ਬਾਵਜੂਦ ਰੂੰ ਦੀਆਂ ਕੀਮਤਾਂ ’ਚ ਭਾਰੀ ਉਛਾਲ ਜਾਰੀ ਹੈ। ਕਿਸਾਨਾਂ ਦਾ ਸਫੈਦ ਸੋਨਾ (ਕਪਾਹ) ਵੀ 7ਵੇਂ ਅਸਮਾਨ ’ਤੇ ਚੜ੍ਹਿਆ ਹੋਇਆ ਹੈ। ਸੋਮਵਾਰ ਨੂੰ ਸਫੈਦ ਸੋਨਾ ਕਪਾਹ ਆਦਮਪੁਰ ਮੰਡੀ 14000 ਰੁਪਏ ਪ੍ਰਤੀ ਕੁਇੰਡਲ, ਸਿਰਸਾ 13870 ਰੁਪਏ, ਫਤੇਹਾਬਾਦ 13500 ਰੁਪਏ ਅਤੇ ਭੱਚੂ ਮੰਡੀ 13500 ਰੁਪਏ ਪ੍ਰਤੀ ਕੁਇੰਟਲ ਵਿਕਣ ਦੀ ਸੂਚਨਾ ਹੈ।
ਉੱਥੇ ਹੀ ਅੱਜ ਕੇਂਦਰ ਸਰਕਾਰ ਵਲੋਂ ਮਨਜ਼ੂਰਸ਼ੁਦਾ ਸੱਟਾ ਭਾਰਤੀ ਵਾਅਦਾ ਰੂੰ ਐੱਮ. ਸੀ. ਐਕਸ (ਪ੍ਰਤੀ ਗੰਢ 170 ਕਿਲੋਗ੍ਰਾਮ) ਨੇ ਤੇਜ਼ੀ ਦਾ ਇਤਿਹਾਸ ਰਚ ਕੇ 50050 ਰੁਪਏ ਪ੍ਰਤੀ ਗੰਢ ਕਾਰੋਬਾਰ ਦਰਜ ਕੀਤਾ, ਜਿਸ ਨਾਲ ਭਾਰਤੀ ਹਾਜ਼ਰ ਰੂੰ ਬਾਜ਼ਾਰ ’ਚ ਤਹਿਲਕਾ ਮਚ ਗਿਆ ਕਿਉਂਕਿ ਭਾਰਤ ’ਚ ਹਾਜ਼ਰ ਰੂੰ ਬਾਜ਼ਾਰ ਵਾਅਦਾ ਰੂੰ ਬਾਜ਼ਾਰ ’ਤੇ ਨਿਰਭਰ ਕਰਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਫਿਲਹਾਲ ਹਾਜ਼ਰ ਰੂੰ ਬਾਜ਼ਾਰ ’ਚ ਮੰਦੀ ਆਉਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 55-60 ਲੱਖ ਗੰਢਾਂ ਕਪਾਹ ਘੱਟ ਆਉਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।


Aarti dhillon

Content Editor

Related News