ਸਰਕਾਰ ਵੱਲੋਂ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ, ਇਸ ਦਿਨ ਹੋ ਸਕਦਾ ਹੈ ਪੇਸ਼
Friday, Oct 16, 2020 - 09:28 PM (IST)
ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਤੋਂ 2021-22 ਲਈ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਸੰਕਟ ਵਿਚਕਾਰ ਇਹ ਬਜਟ ਇਸ ਵਾਰ ਕਾਫ਼ੀ ਮਹੱਤਵਪੂਰਨ ਹੈ। ਇਸ 'ਚ ਮਹਾਮਾਰੀ ਤੋਂ ਪ੍ਰਭਾਵਿਤ ਰੈਵੇਨਿਊ ਕੁਲੈਕਸ਼ਨ, ਵਿਨਿਵੇਸ਼, ਖਰਚ, ਬਰਾਮਦ ਅਤੇ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਸਮੇਤ ਅਰਥਵਿਵਸਥਾ ਦੇ ਸਾਰੇ ਖੇਤਰਾਂ 'ਤੇ ਗੌਰ ਕਰਨ ਦੀ ਜ਼ਰੂਰਤ ਹੋਵੇਗੀ।
ਭਾਰਤੀ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਅਰਥਵਿਵਸਥਾ 'ਚ ਚਾਲੂ ਵਿੱਤੀ ਸਾਲ ਦੌਰਾਨ 9.5 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਵਿੱਤ ਮੰਤਰਾਲਾ ਦੇ ਪ੍ਰੋਗਰਾਮ ਮੁਤਾਬਕ, ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਗਈ ਬਜਟ ਪ੍ਰਕਿਰਿਆ ਤਕਰੀਬਨ ਇਕ ਮਹੀਨੇ ਤੱਕ ਚੱਲੇਗੀ। ਬੈਠਕਾਂ ਦਾ ਦੌਰ 12 ਨਵੰਬਰ ਤੱਕ ਚੱਲੇਗਾ। ਪ੍ਰੋਗਰਾਮ ਅਨੁਸਾਰ, ਪਹਿਲੀ ਬੈਠਕ 'ਚ ਵਿੱਤੀ ਸੇਵਾ ਵਿਭਾਗ ਨਾਲ ਐੱਮ. ਐੱਸ. ਐੱਮ. ਈ., ਰਿਹਾਇਸ਼ੀ, ਸਟੀਲ ਅਤੇ ਬਿਜਲੀ ਖੇਤਰ ਦੇ ਅਧਿਕਾਰੀ ਸ਼ਾਮਲ ਹੋਏ।
1 ਫਰਵਰੀ 2021 ਨੂੰ ਪੇਸ਼ ਹੋ ਸਕਦਾ ਹੈ ਬਜਟ
ਵਿੱਤੀ ਸਾਲ 2021-22 ਦਾ ਬਜਟ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਤੀਜਾ ਬਜਟ ਹੋਵੇਗਾ। ਇਹ ਬਜਟ 1 ਫਰਵਰੀ 2021 ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਮੋਦੀ ਸਰਕਾਰ ਨੇ ਬ੍ਰਿਟਿਸ਼ ਜਮਾਨੇ ਤੋਂ ਫਰਵਰੀ ਦੇ ਅੰਤ 'ਚ ਬਜਟ ਪੇਸ਼ ਕਰਨ ਦੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਉਸ ਸਮੇਂ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਹਿਲੀ ਵਾਰ 1 ਫਰਵਰੀ 2017 ਨੂੰ ਬਜਟ ਪੇਸ਼ ਕਰਕੇ ਇਸ ਪ੍ਰਥਾ ਨੂੰ ਖ਼ਤਮ ਕੀਤਾ ਸੀ। ਇਸ ਨਾਲ ਮੰਤਰਾਲਿਆਂ, ਵਿਭਾਗਾਂ ਨੂੰ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਬਜਟ ਵੰਡ ਹੋ ਜਾਂਦਾ ਹੈ ਅਤੇ ਉਹ ਆਪਣਾ ਕੰਮ ਅੱਗੇ ਵਧਾ ਸਕਦੇ ਹਨ। ਇਸ ਤੋਂ ਪਹਿਲਾਂ ਮਈ ਤੱਕ ਹੀ ਬਜਟ ਨੂੰ ਪੂਰੀ ਮਨਜ਼ੂਰੀ ਮਿਲ ਪਾਉਂਦੀ ਸੀ।