ਸਰਕਾਰੀ ਬੈਂਕਾਂ ਦੇ ਨਿਜੀਕਰਨ ਨੂੰ ਲੈ ਕੇ ਕੀ ਕਰ ਰਿਹੈ ਰਿਜ਼ਰਵ ਬੈਂਕ?
Saturday, Aug 22, 2020 - 07:27 PM (IST)

ਨਵੀਂ ਦਿੱਲੀ— ਇਨ੍ਹੀਂ ਦਿਨੀਂ ਕਈ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੀ ਗੱਲ ਤੇਜ਼ੀ ਨਾਲ ਹੋ ਰਹੀ ਹੈ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਜਲਦ ਹੀ ਕਈ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਇਨ੍ਹਾਂ ਰਿਪੋਰਟਾਂ ਵਿਚਕਾਰ ਬੈਂਕਾਂ ਦੇ ਨਿੱਜੀਕਰਨ ਦੇ ਸੰਬੰਧ 'ਚ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਚੈਨਲ 'ਤੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਸਰਕਾਰ ਹੀ ਜਨਤਕ ਖੇਤਰ ਦੇ ਬੈਂਕ ਨੂੰ ਨਿੱਜੀ ਬਣਾਉਣ ਦਾ ਫੈਸਲਾ ਲਵੇਗੀ ਪਰ ਜੇਕਰ ਸਰਕਾਰ ਰਾਇ ਮੰਗਦੀ ਹੈ ਤਾਂ ਆਰ. ਬੀ. ਆਈ. ਜ਼ਰੂਰ ਆਪਣੀ ਰਾਇ ਦੇਵੇਗਾ।
ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਕੁਝ ਲੋਕ ਮੰਨਦੇ ਹਨ ਕਿ ਦੇਸ਼ 'ਚ ਕ੍ਰੈਡਿਟ ਜੀ. ਡੀ. ਪੀ. ਅਨੁਪਾਤ 'ਚ ਬਹੁਤ ਘੱਟ ਹੈ ਜਿਸ ਨੂੰ ਵਧਾਉਣ ਦੀ ਜ਼ਰੂਰਤ ਹੈ। ਭਾਰਤ 'ਚ ਵਧੇਰੇ ਬੈਂਕ ਬਣਾਉਣ ਲਈ ਇਕ ਸਹੀ ਅਤੇ ਢੁਕਵਾਂ ਮਾਪਦੰਡ ਹੋਣਾ ਵੀ ਬਹੁਤ ਜ਼ਰੂਰੀ ਹੈ।
ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਬੈਂਕ ਬਾਕੀ ਖੇਤਰਾਂ ਦੀ ਤਰ੍ਹਾਂ ਨਹੀਂ ਹੈ, ਬੈਂਕ ਜਮ੍ਹਾਕਰਤਾ ਦੇ ਪੈਸੇ 'ਤੇ ਕਾਰੋਬਾਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਾਲ 'ਚ ਇਕ ਅੰਦਰੂਨੀ ਕਾਰਜ ਸਮੂਹ ਬਣਾਇਆ ਹੈ। ਕਿਸੇ ਵੀ ਕਾਰਪੋਰੇਟ ਨੂੰ ਬੈਂਕ ਬਣਾਉਣ ਜਾਂ ਚਲਾਉਣ ਦੀ ਆਗਿਆ ਸਿਰਫ ਅੰਦਰੂਨੀ ਕਾਰਜਕਾਰੀ ਸਮੂਹ ਦੀ ਰਿਪੋਰਟ ਤੋਂ ਬਾਅਦ ਦਿੱਤੀ ਜਾਵੇਗੀ, ਜਿਸ ਦੀ ਰਿਪੋਰਟ ਸਤੰਬਰ ਦੇ ਅੰਤ ਤੱਕ ਆਵੇਗੀ।