POS ਟਰਮੀਨਲ ਬਾਜ਼ਾਰ ’ਚ ਨਿੱਜੀ ਖੇਤਰ ਦੇ ਬੈਂਕਾਂ ਦੀ ਹਿੱਸੇਦਾਰੀ 67 ਫੀਸਦੀ
Saturday, Jun 12, 2021 - 06:15 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਮਾਰਚ 2021 ਦੇ ਅਖੀਰ ਤੱਕ ਕੁੱਲ ਪੀ. ਓ. ਐੱਸ. ਟਰਮੀਨਲਾਂ ਦੀ ਗਿਣਤੀ ਘਟ ਕੇ 47.2 ਲੱਖ ’ਤੇ ਆ ਗਈ ਜੋ ਜਨਵਰੀ ’ਚ 60.3 ਲੱਖ ਦੇ ਸਭ ਤੋਂ ਉੱਚ ਪੱਧਰ ’ਤੇ ਸੀ। ਪੀ. ਸੀ. ਓ. ਟਰਮੀਨਲ ’ਤੇ ਗਾਹਕ ਕ੍ਰੈਡਿਟ ਜਾਂ ਡੈਬਿਟ ਕਾਰਡ ਲਗਾ ਕੇ ਭੁਗਤਾਨ ਕਰ ਸਕਦੇ ਹਨ।
ਵਰਲਡਲਾਈਨ ਇੰਡੀਆ ਦੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਜਨਵਰੀ-ਮਾਰਚ ਦੀ ‘ਡਿਜੀਟਲ ਭੁਗਤਾਨ ਰਿਪੋਰਟ’ ਵਿਚ ਇਹ ਜਾਣਕਰੀ ਦਿੱਤੀ ਗਈ ਹੈ। ਰਿਪੋਰਟ ’ਚ ਰਵਾਇਤੀ ਭੁਗਤਾਨ ਚੈਨਲ ਜਿਵੇਂ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਇਲਾਵਾ ਭੁਗਤਾਨ ਦੇ ਨਵੇਂ ਤਰੀਕਿਆਂ ਜਿਵੇਂ ਮੋਬਾਇਲ ਆਧਾਰਿਤ ਭੁਗਤਾਨ, ਈ-ਵਾਲੇਟ ਆਦਿ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਅੰਕੜਾ ਥਾਂ-ਥਾਂ ਸਥਾਪਿਤ ਪੀ. ਓ. ਐੱਸ. ਟਰਮੀਨਲ ਦੀ ਅਸਲ ਗਿਣਤੀ ਦੀ ਝਲਕ ਦੇਣ ਵਾਲਾ ਲਗਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੀ. ਓ. ਐੱਸ. ਟਰਮੀਨਲਾਂ ’ਚ ਨਿੱਜੀ ਖੇਤਰ ਦੇ ਬੈਂਕਾਂ ਦਾ ਹਿੱਸਾ ਕਰੀਬ 67 ਫੀਸਦੀ ਹੈ। ਉੱਥੇ ਹੀ ਜਨਤਕ ਖੇਤਰ ਦੇ ਬੈਂਕਾਂ ਦਾ ਹਿੱਸਾ 27 ਫੀਸਦੀ, ਭੁਗਤਾਨ ਬੈਂਕਾਂ ਦਾ 5 ਫੀਸਦੀ ਅਤੇ ਵਿਦੇਸ਼ੀ ਬੈਂਕਾਂ ਦਾ ਇਕ ਫੀਸਦੀ ਹੈ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਾਰਚ 2021 ਤੱਕ ਦੇਸ਼ ’ਚ ਆਪ੍ਰੇਟਿੰਗ ’ਚ ਕੁੱਲ ਕਾਰਡ ਦੀ ਗਿਣਤੀ 96.02 ਕਰੋੜ ਸੀ। ਇਨ੍ਹਾਂ ’ਚ ਡੈਬਿਟ ਕਾਰਡ ਦੀ ਗਿਣਤੀ 89.82 ਕਰੋੜ ਅਤੇ ਕ੍ਰੈਡਿਟ ਕਾਰਡ ਦੀ 6.20 ਕਰੋੜ ਸੀ। ਰਿਪੋਰਟ ਮੁਤਾਬਕ ਪਹਿਲੀ ਤਿਮਾਹੀ ’ਚ ਡਿਜੀਟਲ ਭੁਗਤਾਨ ਦਾ ਅੰਕੜਾ 93.76 ਕਰੋੜ ਰਿਹਾ। ਮੁੱਲ ਦੇ ਹਿਸਾਬ ਨਾਲ ਇਹ 1,31,340 ਅਰਬ ਰੁਪਏ ਰਿਹਾ। ਮੋਬਾਇਲ ਆਧਾਰਿਤ ਭੁਗਤਾਨ ਦਾ ਅੰਕੜਾ 8.32 ਅਰਬ ਰਿਹਾ। ਮੁੱਲ ਦੇ ਹਿਸਾਬ ਨਾਲ ਇਹ 31,980 ਅਰਬ ਰੁਪਏ ਰਿਹਾ।