ਨਿੱਜੀ ਹਸਪਤਾਲਾਂ ''ਚ ਸਰਕਾਰੀ ਤੋਂ 7 ਗੁਣਾ ਮਹਿੰਗਾ ਪੈ ਰਿਹੈ ਇਲਾਜ

Sunday, Nov 24, 2019 - 11:25 AM (IST)

ਨਿੱਜੀ ਹਸਪਤਾਲਾਂ ''ਚ ਸਰਕਾਰੀ ਤੋਂ 7 ਗੁਣਾ ਮਹਿੰਗਾ ਪੈ ਰਿਹੈ ਇਲਾਜ

ਨਵੀਂ ਦਿੱਲੀ— ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਕਿੰਨਾ ਮਹਿੰਗਾ ਹੁੰਦਾ ਹੈ ਇਸ ਤੋਂ ਹਰ ਕੋਈ ਜਾਣੂ ਹੈ ਪਰ ਐੱਨ. ਐੱਸ. ਓ. ਦੀ ਇਕ ਤਾਜ਼ਾ ਰਿਪੋਰਟ ਮੁਤਾਬਕ, ਨਿੱਜੀ (ਪ੍ਰਾਈਵੇਟ) ਹਸਪਤਾਲਾਂ ਵਿਚ ਇਲਾਜ ਸਰਕਾਰੀ ਹਸਪਤਾਲਾਂ ਨਾਲੋਂ ਲਗਭਗ 7 ਗੁਣਾ ਮਹਿੰਗਾ ਪੈ ਰਿਹਾ ਹੈ। ਰਿਪੋਰਟ ਮੁਤਾਬਕ, ਸਰਕਾਰੀ ਹਸਪਤਾਲਾਂ ਵਿਚ ਇਲਾਜ ਦਾ ਔਸਤ ਖਰਚ 4,452 ਰੁਪਏ ਹੈ, ਜਦੋਂ ਕਿ ਨਿੱਜੀ ਹਸਪਤਾਲਾਂ ਵਿਚ ਇਹ ਤਕਰੀਬਨ 31,845 ਰੁਪਏ ਹੈ।


ਹਾਲਾਂਕਿ, ਇਸ ਰਿਪੋਰਟ 'ਚ ਡਲਿਵਰੀ ਦੇ ਮਾਮਲਿਆਂ 'ਤੇ ਖਰਚ ਸ਼ਾਮਲ ਨਹੀਂ ਕੀਤੇ ਗਏ ਹਨ ਪਰ ਰਿਪੋਰਟ ਮੁਤਾਬਕ ਦੇਸ਼ ਵਿਚ 28 ਫੀਸਦੀ ਡਲਿਵਰੀ ਦੇ ਮਾਮਲਿਆਂ ਵਿਚ ਓਪਰੇਸ਼ਨ ਹੋਏ ਹਨ। ਸਰਕਾਰੀ ਹਸਪਤਾਲਾਂ ਵਿਚ ਸਿਰਫ 17 ਫੀਸਦੀ ਡਲਿਵਰੀ ਦੇ ਮਾਮਲਿਆਂ ਵਿਚ ਓਪਰੇਸ਼ਨ ਕੀਤੇ ਗਏ ਅਤੇ ਇਨ੍ਹਾਂ ਵਿਚੋਂ 92 ਫੀਸਦੀ ਓਪਰੇਸ਼ਨ ਮੁਫਤ ਹੋਏ, ਜਦੋਂ ਕਿ ਨਿੱਜੀ ਹਸਪਤਾਲਾਂ ਵਿਚ 55 ਫੀਸਦੀ ਡਲਿਵਰੀ ਦੇ ਮਾਮਲਿਆਂ ਵਿਚ ਓਪਰੇਸ਼ਨ ਕੀਤੇ ਗਏ ਤੇ ਇਨ੍ਹਾਂ ਵਿਚੋਂ ਸਿਰਫ 1 ਫੀਸਦੀ ਓਪਰੇਸ਼ਨ ਮੁਫਤ ਕੀਤੇ ਗਏ।

ਐੱਨ. ਐੱਸ. ਓ. ਦੀ ਇਹ ਰਿਪੋਰਟ ਜੁਲਾਈ-ਜੂਨ 2017-18 ਦੀ ਮਿਆਦ ਦੌਰਾਨ 1.13 ਲੱਖ ਪਰਿਵਾਰਾਂ 'ਤੇ ਕੀਤੇ ਗਏ ਸਰਵੇਖਣ 'ਤੇ ਅਧਾਰਿਤ ਹੈ। ਇਸ ਤੋਂ ਪਹਿਲਾਂ 1995-96, 2004 ਤੇ 2014 ਵਿਚ ਇਸ ਤਰ੍ਹਾਂ ਦੇ ਤਿੰਨ ਸਰਵੇਖਣ ਕੀਤੇ ਜਾ ਚੁੱਕੇ ਹਨ।
ਰਿਪੋਰਟ ਮੁਤਾਬਕ, ਪੇਂਡੂ ਖੇਤਰਾਂ ਵਿਚ ਇਕ ਵਾਰ ਹਸਪਤਾਲ ਵਿਚ ਦਾਖਲ ਹੋਣ 'ਤੇ ਪਰਿਵਾਰ ਦਾ ਔਸਤ ਖਰਚ 16,676 ਰੁਪਏ, ਜਦੋਂ ਕਿ ਸ਼ਹਿਰੀ ਖੇਤਰਾਂ ਵਿਚ 26,475 ਰੁਪਏ ਸੀ। ਹਸਪਤਾਲ ਵਿਚ ਭਰਤੀ ਹੋਣ ਦੇ ਮਾਮਲਿਆਂ ਵਿਚ 42 ਫੀਸਦੀ ਲੋਕਾਂ ਨੇ ਸਰਕਾਰੀ ਹਸਪਤਾਲ ਦੀ ਚੋਣ ਕੀਤੀ, ਜਦੋਂ ਕਿ 55 ਫੀਸਦੀ ਲੋਕ ਪ੍ਰਾਈਵੇਟ ਯਾਨੀ ਨਿੱਜੀ ਹਸਪਤਾਲ ਗਏ।


Related News