ਨਿੱਜੀ ਹਸਪਤਾਲਾਂ ਦੀ ਆਮਦਨ 15-17 ਫ਼ੀਸਦੀ ਵਧਣ ਦੀ ਉਮੀਦ : ਕ੍ਰਿਸਿਲ
Tuesday, Jun 22, 2021 - 04:46 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਹੋਏ ਵਾਧੇ ਦਰਮਿਆਨ ਨਿੱਜੀ ਹਸਪਤਾਲਾਂ ਵਿਚ ਕਮਰਿਆਂ ਦੀ ਮੰਗ ਬਹੁਤ ਜ਼ਿਆਦਾ ਰਹੀ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਮੰਗਲਵਾਰ ਨੂੰ ਕਿਹਾ ਕਿ ਸੰਕਰਮਣ ਦੇ ਮਾਮਲਿਆਂ ਵਿਚ ਵਾਧੇ ਕਾਰਨ ਮੌਜੂਦਾ ਵਿੱਤੀ ਸਾਲ ਵਿਚ ਪ੍ਰਾਈਵੇਟ ਹਸਪਤਾਲਾਂ ਦੀ ਆਮਦਨ ਵਿਚ 15 ਤੋਂ 17 ਫ਼ੀਸਦੀ ਦਾ ਵਾਧਾ ਹੋਵੇਗਾ, ਜੋ 2020-21 ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਹੈ।
ਕ੍ਰਿਸਿਲ ਨੇ ਬਿਆਨ ਵਿਚ ਕਿਹਾ ਕਿ ਆਮਦਨ ਵਧਣ ਨਾਲ ਅਜਿਹੇ ਹਸਪਤਾਲਾਂ ਦਾ ਸੰਚਾਲਨ ਮੁਨਾਫਾ ਵੀ 1-2 ਫ਼ੀਸਦੀ ਵੱਧ ਕੇ 13-14 ਫ਼ੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਬਾਜੂਦ ਮਾਰਜਨ 2020-21 ਤੋਂ ਹੇਠਾਂ ਰਹੇਗਾ।
ਕ੍ਰਿਸਿਲ ਰੇਟਿੰਗਸ ਦੇ ਸੀਨੀਅਰ ਨਿਰਦੇਸ਼ਕ ਮਨੀਸ਼ ਗੁਪਤਾ ਨੇ ਕਿਹਾ, ''ਅਪ੍ਰੈਲ ਵਿਚ ਮਹਾਮਾਰੀ ਦੀ ਦੂਸਰੀ ਲਹਿਰ ਦੀ ਵਜ੍ਹਾ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਸਾਲਾਨਾ ਆਧਾਰ 'ਤੇ ਬਿਹਤਰ ਰਹੇਗੀ। ਇਸ ਦੌਰਾਨ ਹਸਪਤਾਲਾਂ ਵਿਚ 75 ਫ਼ੀਸਦੀ ਕਮਰੇ ਮਰੀਜ਼ਾਂ ਤੋਂ ਭਰੇ ਰਹੇ। ਇਹ ਸਾਲਾਨਾ ਆਧਾਰ 'ਤੇ ਲਗਭਗ ਦੁੱਗਣਾ ਹੈ। ਇਸ ਦੀ ਮੁੱਖ ਵਜ੍ਹਾ ਕੋਵਿਡ-19 ਦੇ ਇਲਾਜ ਹਸਪਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣਾ ਹੈ।" ਗੁਪਤਾ ਨੇ ਕਿਹਾ ਕਿ ਦੂਜੀ ਤਿਮਾਹੀ ਵਿਚ ਦੂਜੀ ਲਹਿਰ ਕਮਜ਼ੋਰ ਪੈਣ ਤੋਂ ਬਾਅਦ ਹੋਰ ਇਲਾਜ ਲਈ ਦੱਬੀ ਮੰਗ ਉਭਰੇਗੀ। ਉਨ੍ਹਾਂ ਨੇ ਕਿਹਾ ਚਾਲੂ ਵਿੱਤੀ ਸਾਲ ਵਿਚ ਹਸਪਤਾਲਾਂ ਵਿਚ 65 ਤੋਂ 70 ਫ਼ੀਸਦੀ ਤੱਕ ਕਮਰੇ ਭਰੇ ਰਹੇਗਾ। ਇਸ ਨਾਲ ਨਿੱਜੀ ਹਸਪਤਾਲਾਂ ਦੀ ਆਮਦਨ ਵਧੇਗੀ। ਪਿਛਲੇ ਸਾਲ ਔਸਤ 58 ਫ਼ੀਸਦੀ ਕਮਰੇ ਭਰੇ ਸਨ।