ਰੀਅਲ ਅਸਟੇਟ ਖੇਤਰ ’ਚ ਪੀ. ਈ. ਨਿਵੇਸ਼ 19 ਫ਼ੀਸਦੀ ਵਧਿਆ
Thursday, Oct 31, 2019 - 11:55 PM (IST)
![ਰੀਅਲ ਅਸਟੇਟ ਖੇਤਰ ’ਚ ਪੀ. ਈ. ਨਿਵੇਸ਼ 19 ਫ਼ੀਸਦੀ ਵਧਿਆ](https://static.jagbani.com/multimedia/2019_10image_23_55_060169195a.jpg)
ਨਵੀਂ ਦਿੱਲੀ (ਭਾਸ਼ਾ)-ਰੀਅਲ ਅਸਟੇਟ ਖੇਤਰ ’ਚ ਨਿੱਜੀ ਇਕਵਿਟੀ (ਪੀ. ਈ.) ਨਿਵੇਸ਼ ਚਾਲੂ ਕੈਲੰਡਰ ਸਾਲ ਦੇ ਪਹਿਲੇ 9 ਮਹੀਨਿਆਂ ’ਚ 19 ਫ਼ੀਸਦੀ ਵਧ ਕੇ 39,182 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਜਾਇਦਾਦ ਸਲਾਹਕਾਰ ਕੰਪਨੀ ਕੁਸ਼ਮੈਨ ਐਂਡ ਵੇਕਫੀਲਡ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਲਗਾਤਾਰ ਵਪਾਰਕ ਜਾਇਦਾਦਾਂ ਦੀ ਅਕਵਾਇਰਮੈਂਟ ਕਰ ਰਹੇ ਹਨ। ਇਸ ਵਜ੍ਹਾ ਨਾਲ ਰੀਅਲ ਅਸਟੇਟ ਖੇਤਰ ’ਚ ਪੀ. ਈ. ਨਿਵੇਸ਼ ਵਧਿਆ ਹੈ। ਜਨਵਰੀ-ਸਤੰਬਰ, 2018 ’ਚ ਰੀਅਲ ਅਸਟੇਟ ਖੇਤਰ ’ਚ ਪੀ. ਈ. ਨਿਵੇਸ਼ 32,890 ਕਰੋਡ਼ ਰੁਪਏ ਰਿਹਾ ਸੀ।
ਕੁਸ਼ਮੈਨ ਐਂਡ ਵੇਕਫੀਲਡ ਦੇ ਕੰਟਰੀ ਹੈੱਡ ਅਤੇ ਐੱਮ. ਡੀ. (ਭਾਰਤ) ਅੰਸ਼ੁਲ ਜੈਨ ਨੇ ਕਿਹਾ, ‘‘ਸਾਲਾਨਾ ਆਧਾਰ ’ਤੇ ਨਿਵੇਸ਼ ਗਤੀਵਿਧੀਆਂ ’ਚ 19 ਫ਼ੀਸਦੀ ਦਾ ਉਛਾਲ ਉਦਯੋਗ ਲਈ ਹਾਂ-ਪੱਖੀ ਭਵਿੱਖ ਦ੍ਰਿਸ਼ ਨੂੰ ਦਰਸਾਉਂਦਾ ਹੈ।’’ ਕੁਸ਼ਮੈਨ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ’ਚ ਦਫ਼ਤਰ ਦਾਇਦਾਦਾਂ ’ਚ ਪੀ. ਈ. ਨਿਵੇਸ਼ 18 ਫ਼ੀਸਦੀ ਵਧ ਕੇ 20,757 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 17,535 ਕਰੋਡ਼ ਰੁਪਏ ਸੀ। ਇਸ ਦੌਰਾਨ ਰਿਹਾਇਸ਼ੀ ਖੇਤਰ ’ਚ ਪੀ. ਈ. ਨਿਵੇਸ਼ 24 ਫ਼ੀਸਦੀ ਘਟ ਕੇ 6,255 ਕਰੋਡ਼ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 8,280 ਕਰੋਡ਼ ਰੁਪਏ ਸੀ।