ਨਿੱਜੀ ਬੈਂਕਾਂ ਨੇ ਜਾਰੀ ਕੀਤੇ ਤੀਜੀ ਤਿਮਾਹੀ ਦੇ ਨਤੀਜੇ
Sunday, Jan 18, 2026 - 11:09 AM (IST)
ਮੁੰਬਈ, (ਭਾਸ਼ਾ)- 3 ਨਿੱਜੀ ਬੈਂਕਾਂ ਨੇ ਸ਼ਨੀਵਾਰ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਨਿੱਜੀ ਖੇਤਰ ਦੇ ਐੱਚ. ਡੀ.ਐੱਫ. ਸੀ. ਬੈਂਕ ਨੇ ਦੱਸਿਆ ਕਿ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 12.17 ਫੀਸਦੀ ਵਧ ਕੇ 19,807 ਕਰੋੜ ਰੁਪਏ ਹੋ ਗਿਆ ਹੈ। ਇਕੱਲੇ ਆਧਾਰ ’ਤੇ ਬੈਂਕ ਦਾ ਲਾਭ ਅਕਤੂਬਰ-ਦਸੰਬਰ ਤਿਮਾਹੀ ਵਿਚ 11.46 ਫੀਸਦੀ ਵਧ ਕੇ 18,653.75 ਕਰੋੜ ਰੁਪਏ ਹੋ ਗਿਆ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਬੈਂਕ ਦੀ ਮੁੱਖ ਸ਼ੁੱਧ ਵਿਆਜ ਆਮਦਨ 6.4 ਫੀਸਦੀ ਵਧ ਕੇ 32,600 ਕਰੋੜ ਰੁਪਏ ਰਹੀ, ਜਦਕਿ ਗੈਰ-ਵਿਆਜ ਆਮਦਨ 13,250 ਕਰੋੜ ਰੁਪਏ ਰਹੀ। ਬੈਂਕ ਨੇ ਕਿਹਾ ਕਿ ਕੁੱਲ ਪੱਧਰ ’ਤੇ ਉਸ ਦਾ ਸ਼ੁੱਧ ਵਿਆਜ ਮਾਰਜਿਨ 3.35 ਫੀਸਦੀ ਰਿਹਾ।
ਆਈ. ਸੀ. ਆਈ. ਸੀ. ਆਈ. ਬੈਂਕ ਦਾ ਲਾਭ 2.68 ਫੀਸਦੀ ਡਿੱਗਿਆ
ਦੂਜੇ ਪਾਸੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਦੱਸਿਆ ਕਿ ਦਸੰਬਰ 2025 ਤਿਮਾਹੀ ਵਿਚ ਉਸ ਦਾ ਲਾਭ 2.68 ਫੀਸਦੀ ਘਟ ਕੇ 12,537.98 ਕਰੋੜ ਰੁਪਏ ਰਿਹਾ। ਬੈਂਕ ਨੇ ਇਕੱਲੇ ਆਧਾਰ ’ਤੇ 11,318 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਲਾਭ (ਪੀ.ਏ.ਟੀ.) ਦਰਜ ਕੀਤਾ। ਸਮੀਖਿਆ ਅਧੀਨ ਤਿਮਾਹੀ ਦੌਰਾਨ ਬੈਂਕ ਦੀ ਮੁੱਖ ਸ਼ੁੱਧ ਵਿਆਜ ਆਮਦਨ ਸਾਲਾਨਾ ਆਧਾਰ ’ਤੇ 7.7 ਫੀਸਦੀ ਵਧ ਕੇ 21,932 ਕਰੋੜ ਰੁਪਏ ਹੋ ਗਈ। ਇਸ ਦੌਰਾਨ ਕਰਜ਼ਾ ਵਾਧਾ 11.5 ਫੀਸਦੀ ਅਤੇ ਸ਼ੁੱਧ ਵਿਆਜ ਮਾਰਜਿਨ ’ਚ 0.05 ਫੀਸਦੀ ਦਾ ਵਾਧਾ ਹੋਇਆ। ਬੈਂਕ ਦੀ ਗੈਰ-ਵਿਆਜ ਆਮਦਨ 12.4 ਫੀਸਦੀ ਵਧ ਕੇ 7,525 ਕਰੋੜ ਰੁਪਏ ਰਹੀ।
ਯੈੱਸ ਬੈਂਕ ਦਾ ਮੁਨਾਫ਼ਾ 55 ਫੀਸਦੀ ਵਧਿਆ
ਨਿੱਜੀ ਖੇਤਰ ਦੇ ਕਰਜ਼ਦਾਤਾ ਯੈੱਸ ਬੈਂਕ ਦਾ ਮੁਨਾਫ਼ਾ 55 ਫੀਸਦੀ ਦੇ ਉਛਾਲ ਨਾਲ 952 ਕਰੋੜ ਰੁਪਏ ਰਿਹਾ। ਮੁਨਾਫ਼ੇ ਵਿਚ ਇਸ ਵਾਧੇ ਦਾ ਮੁੱਖ ਕਾਰਨ ਪ੍ਰੋਵਿਜ਼ਨਿੰਗ ’ਚ ਆਈ ਭਾਰੀ ਕਮੀ ਹੈ। ਬੈਂਕ ਦੀ ਮੁੱਖ ਸ਼ੁੱਧ ਵਿਆਜ ਆਮਦਨ 10.9 ਫੀਸਦੀ ਵਧ ਕੇ 2,466 ਕਰੋੜ ਰੁਪਏ ਰਹੀ। ਇਹ ਵਾਧਾ ਸ਼ੁੱਧ ਵਿਆਜ ਮਾਰਜਿਨ ਵਿਚ 0.10 ਫੀਸਦੀ ਦੇ ਵਿਸਥਾਰ ਅਤੇ ਕਰਜ਼ੇ ’ਚ 5.2 ਫੀਸਦੀ ਦੇ ਵਾਧੇ ਕਾਰਨ ਹੋਇਆ ਹੈ। ਹਾਲਾਂਕਿ, ਨਵੇਂ ਕਿਰਤ ਕਾਨੂੰਨਾਂ ਦੇ ਲਾਗੂ ਹੋਣ ਕਾਰਨ ਬੈਂਕ ਨੂੰ ਗ੍ਰੈਚੁਟੀ ਦੇ ਮੱਦ ’ਚ 155 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਿਆ।
ਆਈ. ਡੀ. ਬੀ. ਆਈ. ਬੈਂਕ ਦੀ ਕੁੱਲ ਆਮਦਨ ਘਟ ਕੇ 8,282 ਕਰੋੜ ਰੁਪਏ ਰਹੀ
ਆਈ. ਡੀ. ਬੀ. ਆਈ. ਬੈਂਕ ਦਾ ਦਸੰਬਰ 2025 ਨੂੰ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦਾ ਸ਼ੁੱਧ ਲਾਭ ਲੱਗਭਗ ਸਥਿਰ ਰਿਹਾ। ਬੈਂਕ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ 1,935 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਵਿਚਾਰ ਅਧੀਨ ਤਿਮਾਹੀ ਵਿਚ ਬੈਂਕ ਦੀ ਕੁੱਲ ਆਮਦਨ ਘਟ ਕੇ 8,282 ਕਰੋੜ ਰੁਪਏ ਰਹਿ ਗਈ। ਉੱਥੇ ਹੀ, ਬੈਂਕ ਦੀ ਵਿਆਜ ਆਮਦਨ ਵੀ ਪਿਛਲੇ ਸਾਲ ਦੇ 7,816 ਕਰੋੜ ਰੁਪਏ ਤੋਂ ਘੱਟ ਹੋ ਕੇ 7,074 ਕਰੋੜ ਰੁਪਏ ’ਤੇ ਆ ਗਈ। ਬੈਂਕ ਦੀ ਜਾਇਦਾਦ ਗੁਣਵੱਤਾ ’ਚ ਸੁਧਾਰ ਦਰਜ ਕੀਤਾ ਗਿਆ। ਸਮੀਖਿਆ ਮਿਆਦ ਦੌਰਾਨ ਬੈਂਕ ਦਾ ਕੁੱਲ ਐੱਨ. ਪੀ. ਏ. ਅਨੁਪਾਤ ਸੁਧਰ ਕੇ 2.57 ਫੀਸਦੀ ਰਹਿ ਗਿਆ।
