ਬਿਟਕੁਆਇਨ ਤੋਂ ਕਮਾਈ ਕਰਨ ਵਾਲਿਆਂ ''ਤੇ ਸ਼ਿਕੰਜਾ

01/31/2018 9:22:19 AM

ਜਲੰਧਰ—ਸਰਕਾਰ ਨੇ ਭਾਰਤ ਵਿਚ ਕ੍ਰਿਪਟੋ ਕਰੰਸੀ ਬਿਟਕੁਆਇਨ ਨਾਲ ਕਮਾਈ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਫੇਜ਼ ਵਿਚ ਜਿਥੇ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਵਾਲਿਆਂ ਦੀ ਲਿਸਟ ਤਿਆਰ ਕੀਤੀ ਗਈ। ਹੁਣ ਅਗਲੇ ਫੇਜ਼ ਵਿਚ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਤੇ ਇਸ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਆਮਦਨ ਕਰ ਵਿਭਾਗ ਨੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਵਿਭਾਗ ਦੀ ਇਸ ਕਾਰਵਾਈ ਨਾਲ ਬਿਟਕੁਆਇਨ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ। ਹੁਣ ਤੱਕ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਵਾਲੇ 50 ਵਿਅਕਤੀਆਂ ਨੂੰ ਵਿਭਾਗ ਨੋਟਿਸ ਭੇਜ ਚੁੱਕਾ ਹੈ। 
ਅਸਲ ਵਿਚ ਕ੍ਰਿਪਟੋਕਰੰਸੀ ਬਿਟਕੁਆਇਨ ਨੇ ਭਾਰਤ ਵਿਚ ਆਪਣੀ ਪਕੜ ਬੇਹੱਦ ਮਜ਼ਬੂਤ ਕਰ ਲਈ ਹੈ। ਭਾਰਤ ਸਰਕਾਰ ਨੇ ਇਸ ਕਰੰਸੀ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਹੈ। ਹੁਣ ਵਰਚੁਅਲ ਕਰੰਸੀ ਬਿਟਕੁਆਇਨ ਦੇ ਜ਼ਰੀਏ ਮੋਟੀ ਕਮਾਈ ਕਰਨ ਵਾਲੇ ਲੋਕਾਂ 'ਤੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਘੇਰੇ ਵਿਚ ਆਉਣ ਵਾਲਿਆਂ ਨੂੰ ਵਿਭਾਗ ਨੋਟਿਸ ਜਾਰੀ ਕਰ ਰਿਹਾ ਹੈ। ਹੁਣ ਤੱਕ ਵਿਭਾਗ ਵੱਲੋਂ 50 ਤੋਂ ਵੱਧ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਬਿਟਕੁਆਇਨ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸੂਚੀ ਤਿਆਰ ਹੋਣ ਤੋਂ ਬਾਅਦ ਬਾਕੀ ਲੋਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ। ਆਮਦਨ ਕਰ ਵਿਭਾਗ ਦੇ ਬੈਂਗਲੁਰੂ ਇਨਵੈਸਟੀਗੇਸ਼ਨ ਯੂਨਿਟ ਨੇ ਆਪਣੇ ਸਰਵੇ ਵਿਚ ਮਿਲੀ ਜਾਣਕਾਰੀ ਨੂੰ ਦੇਸ਼ ਭਰ ਵਿਚ ਆਪਣੀਆਂ 8 ਇਕਾਈਆਂ ਨਾਲ ਸਾਂਝਾ ਕੀਤਾ ਹੈ।

-ਆਮਦਨ ਕਰ ਵਿਭਾਗ ਨੇ ਭੇਜੇ ਨੋਟਿਸ
-ਹੁਣ ਤੱਕ ਟ੍ਰੇਡਿੰਗ ਕਰਨ ਵਾਲੇ 50 ਲੋਕ ਫਸੇ
-ਟੈਕਸ ਨਾ ਦੇ ਕੇ ਸਰਕਾਰ ਨੂੰ ਲਾਇਆ ਜਾ ਰਿਹੈ ਕਰੋੜਾਂ ਦਾ ਚੂਨਾ
ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਸਰਵੇ ਵਿਚ ਜਿਨ੍ਹਾਂ ਇਕਾਈਆਂ ਤੇ ਵਿਅਕਤੀਆਂ ਦੇ ਰਿਕਾਰਡ ਮਿਲੇ ਹਨ, ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ 'ਤੇ ਟੈਕਸ ਚੋਰੀ ਦੇ ਦੋਸ਼ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਾਰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਬਿਟਕੁਆਇਨ ਨਿਵੇਸ਼ 'ਤੇ ਕਾਰੋਬਾਰ 'ਤੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ ਕਿਉਂਕਿ ਅਜੇ ਤੱਕ ਇਸ ਵਿਚ ਨਿਵੇਸ਼ ਕਰਨ ਵਾਲੇ ਲੱਖਾਂ ਤੇ ਕਰੋੜਾਂ ਰੁਪਏ ਕਮਾ ਚੁੱਕੇ ਹਨ ਪਰ ਇਸ ਤੋਂ ਹੋਣ ਵਾਲੀ ਕਮਾਈ 'ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਸਰਕਾਰ ਦੇ ਖਾਤੇ ਵਿਚ ਨਹੀਂ ਗਿਆ।


Related News