ਪ੍ਰਧਾਨ ਮੰਤਰੀ ਆਵਾਸ ਯੋਜਨਾ : ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਨੂੰ ਮਿਲੇਗਾ ਇਨਾਮ
Friday, Feb 08, 2019 - 11:37 PM (IST)
ਨਵੀਂ ਦਿੱਲੀ-ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਖੇਤਰ) ਦੇ ਲਾਗੂਕਰਨ ਤੇ ਨਵੀਂ ਤਕਨੀਕ ਦੀ ਵਰਤੋਂ ਕਰ ਕੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵਲੋਂ ਇਹ ਫੈਸਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਸਰਕਾਰ ਵਲੋਂ ਹੁਣ ਤੱਕ ਲਗਭਗ 15 ਲੱਖ ਘਰਾਂ ਦਾ ਨਿਰਮਾਣ ਕਰਵਾਇਆ ਗਿਆ, ਜਦੋਂ ਕਿ ਇਸ ਯੋਜਨਾ ਦੇ ਤਹਿਤ 2015 ਤੋਂ 2022 ਦੇ ਦਰਮਿਆਨ ਲਗਭਗ 1 ਕਰੋੜ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਇਹ ਇਨਾਮ ਤੈਅ ਮਿਆਦ ਦੇ ਅੰਦਰ ਲੱਖਾਂ ਲੋਕਾਂ ਦੇ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹੈ। ਮੰਤਰਾਲਾ ਮੁਤਾਬਕ, ਉਸਾਰੀ, ਕਮਿਊਨਿਟੀ ਗਤੀਸ਼ੀਲਤਾ, ਝੁੱਗੀ ਮੁੜ ਵਿਕਾਸ, ਨੀਤੀਗਤ ਪਹਿਲ, ਪ੍ਰਾਜੈਕਟ ਨਿਗਰਾਨੀ ਸਮੇਤ ਹੋਰਨਾਂ ਵਿਚ ਨਵੀਂ ਤਕਨੀਕ ਦੀ ਵਰਤੋਂ ਲਈ ਕੁਝ ਵਿਸ਼ੇਸ਼ ਸ਼੍ਰੇਣੀ ਦੇ ਇਨਾਮ ਵੀ ਰੱਖੇ ਗਏ ਹਨ। ਬਿਆਨ ਵਿਚ ਕਿਹਾ ਗਿਆ ਕਿ ਹਿੱਤਧਾਰਕਾਂ ਵਿਚਾਲੇ ਮੁਕਾਬਲੇਬਾਜ਼ੀ ਦਾ ਮਾਹੌਲ ਬਣਾਉਣ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ ਹਰ ਮਹੀਨੇ ਜਨਤਕ ਕੀਤੀ ਜਾਵੇਗੀ।